ਮੋਗਾ : ਜ਼ਿਲ੍ਹੇ ਦੇ ਪਿੰਡ ਬਹੋਨਾ ਦਾ ਵਸਨੀਕ ਭਾਈਕਾ ਪਰਵਾਰ ਕਿਸੇ ਵੱਖਰੀ ਜਾਣ-ਪਛਾਣ ਦਾ ਮੁਥਾਜ਼ ਨਹੀਂ। ਪਰਵਾਰ ਦੇ ਮੁਖੀ ਭਾਈ ਉਜਾਗਰ ਸਿੰਘ ਦੇ ਨਾਂਅ ਤੋਂ ਪਰਵਾਰ ਭਾਈਕਾ ਟੱਬਰ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।ਪਿਛਲੀ ਸਦੀ ਦੇ 40ਵੇਂ ਦਹਾਕੇ ’ਚ ਕਮਿਊਨਿਸਟ ਵਿਚਾਰਧਾਰਾ ਨੇ ਪਰਵਾਰ ’ਚ ਦਸਤਕ ਦਿੱਤੀ। ਭਾਈ ਉਜਾਗਰ ਸਿੰਘ ਦੇ ਵੱਡੇ ਸਪੁੱਤਰ ਸ਼ੇਰ ਸਿੰਘ ਅਤੇ ਉਸ ਤੋਂ ਛੋਟੇ ਅਜਮੇਰ ਸਿੰਘ ਦੇਸ਼ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਚੁੱਕੇ ਸਨ।ਅਜ਼ਾਦੀ ਉਪੰਰਤ ਕਮਿਊਨਿਸਟ ਪਾਰਟੀ ਦੇ ਅੰਡਰਗਰਾਊਂਡ ਹੋਣ ਕਾਰਨ ਸ਼ੇਰ ਸਿੰਘ ਕਾਨਪੁਰ ਗੁਪਤਵਾਸ ਰਹਿ ਕੇ ਆਪਣੇ ਟਰਾਂਸਪੋਰਟ ਦੇ ਕਾਰੋਬਾਰ ਦੇ ਨਾਲ-ਨਾਲ ਪਾਰਟੀ ਲਈ ਨਾ ਸਿਰਫ਼ ਕੰਮ ਕਰਦੇ ਰਹੇ, ਸਗੋਂ ਉਹਨਾ ਉਥੇ ਟਰਾਂਸਪੋਰਟ ਕਾਰੋਬਾਰੀਆਂ ਦੀ ਪਾਰਟੀ ਬ੍ਰਾਂਚ ਵੀ ਖੜੀ ਕੀਤੀ।ਇਸੇ ਬ੍ਰਾਂਚ ਦਾ ਇੱਕ ਮੈਂਬਰ ਜੀਤ ਸਿੰਘ ਖਾਲਸਾ 1980 ਦੀਆਂ ਵਿਧਾਨ ਸਭਾ ਚੋਣਾਂ ਚ ਕਾਨਪੁਰ ਸ਼ਹਿਰ ਦੇ ਅਸੈਂਬਲੀ ਹਲਕਿਆਂ ’ਚੋਂ ਇੱਕ ਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਸੀ ਅਤੇ ਮਾਮੂਲੀ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ।ਮਹਾਨ ਕਮਿਊਨਿਸਟ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਇਸ ਪਰਵਾਰ ਦੇ ਨਾਲ ਨੇੜਿਓਂ ਜੁੜੇ ਹੋਏ ਸਨ। ਆਪਣੇ ਗੁਪਤਵਾਸ ਦੌਰਾਨ ਭਾਈਕੇ ਪਰਵਾਰ ਦਾ ਘਰ ਅਤੇ ਖੇਤ ਪਸੰਦੀਦਾ ਠਹਿਰਗਾਹਾਂ ’ਚੋਂ ਇੱਕ ਸੀ। ਦੂਜੇ ਭਾਈ ਅਜਮੇਰ ਸਿੰਘ ਨੇ ਖੁਸ਼ਹੈਸੀਅਤੀ ਮੋਰਚੇ ’ਚ ਜੇਲ੍ਹ ਕੱਟੀ। ਹੋਰ ਦੋ ਭਰਾ ਬਲਬੀਰ ਸਿੰਘ ਤੇ ਨਿਰਭੈ ਸਿੰਘ ਸਾਰੀ ਉਮਰ ਕਮਿਊਨਿਸਟ ਪਾਰਟੀ ਦੇ ਹਮਦਰਦ ਰਹੇ। ਉਸ ਤੋਂ ਅਗਲੀ ਪੀੜ੍ਹੀ (ਦੂਜੀ) ਨੇ ਵੀ ਕਮਿਊਨਿਸਟ ਵਿਚਾਰਧਾਰਾ ਤੇ ਲਹਿਰ ਦਾ ਝੰਡਾ ਪਹਿਲੀ ਪੀੜ੍ਹੀ ਵਾਂਗ ਉੱਚਾ ਕਰੀ ਰੱਖਿਆ ।ਦੂਜੀ ਪੀੜ੍ਹੀ ਦੇ ਨੁਮਾਇੰਦੇ ਵੀ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਜਨਤਕ ਜਥੇਬੰਦੀਆਂ ਦੀ ਅਗਵਾਈ ਕਰਦੇ ਰਹੇ, ਜਿਨ੍ਹਾਂ ’ਚੋਂ ਵਰਨਣਯੋਗ ਹਨ ਮਰਹੂਮ ਕਾਮਰੇਡ ਰਣਧੀਰ ਸਿੰਘ ਗਿੱਲ ਸਪੁੱਤਰ ਕਾਮਰੇਡ ਸ਼ੇਰ ਸਿੰਘ, ਜੋ ਪੰਜਾਬ ਦੇ ਪ੍ਰਮੁੱਖ ਟਰੇਡ ਯੂਨੀਅਨ ਆਗੂ ਅਤੇ ਜ਼ਿਲ੍ਹਾ ਪਾਰਟੀ ਦੇ ਸਕੱਤਰ ਰਹੇ. ਕਰਮਜੀਤ ਸਿੰਘ ਕਾਨ੍ਹਾ ਪਾਰਟੀ ਦੇ ਜ਼ਿਲ੍ਹਾ ਕੌਂਸਲ ਦੇ ਮੈਂਬਰ ਰਹੇ। ਮਰਹੂਮ ਗੁਰਦੇਵ ਸਿੰਘ ਇਲਾਕਾ ਕਮੇਟੀ ਮੈਂਬਰ ਅਤੇ ਪਾਰਟੀ ਵੱਲੋਂ ਪਿੰਡ ਦੀ ਪੰਚਾਇਤ ਦੇ ਮੈਂਬਰ ਰਹੇ। ਮਰਹੂਮ ਅਰਜਨ ਸਿੰਘ ਪੀ ਆਰ ਟੀ ਸੀ ਵਰਕਰਜ਼ ਯੂਨੀਅਨ (ਏਟਕ) ਦੇ ਸੂਬਾ ਮੀਤ ਪ੍ਰਧਾਨ ਰਹੇ। ਵੀਰ ਸਿੰਘ ਇਲਾਕਾ ਕਮੇਟੀ ਮੈਂਬਰ ਹਨ (ਸਾਰੇ ਸਪੁੱਤਰ ਕਾਮਰੇਡ ਅਜਮੇਰ ਸਿੰਘ) ਮਹਰੂਮ ਕਾਮਰੇਡ ਗੁਰਮੇਲ ਸਿੰਘ (ਸਪੁੱਤਰ ਕਾਮਰੇਡ ਨਿਰਭੈ ਸਿੰਘ) 70ਵਿਆਂ ਵਿੱਚ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਆਗੂ ਰਹੇ। ਨਿਰਭੈ ਸਿੰਘ ਦੇ ਬਦੇਸ਼ ’ਚ ਰਹਿੰਦੇ ਦੂਜੇ ਬੇਟੇ ਪਿ੍ਰਤਪਾਲ ਸਿੰਘ ਅਤੇ ਬੇਟੀਆਂ ਸੁਖਦੇਵ ਕੌਰ ਅਤੇ ਸੁਰਜੀਤ ਕੌਰ ਹਮੇਸ਼ਾ ਮਦਦ ਲਈ ਹਾਜ਼ਰ ਰਹਿੰਦੇ ਹਨ। ਤੀਜੀ ਪੀੜ੍ਹੀ ’ਚੋਂ ਪਰਮਜੀਤ ਸਿੰਘ ਪੰਮਾ ਕੋਆਪਰੇਟਿਵ ਸੁਸਾਇਟੀ ਦੇ ਮੀਤ ਪ੍ਰਧਾਨ ਹਨ। ਡਾਕਟਰ ਇੰਦਰਵੀਰ ਸਿੰਘ ਗਿੱਲ ਪਾਰਟੀ ਦੇ ਜ਼ਿਲ੍ਹਾ ਕੌਂਸਲ ਮੈਂਬਰ ਹਨ। ਬੂਟਾ ਸਿੰਘ ਬਦੇਸ਼ ਜਾਣ ਤੋਂ ਪਹਿਲਾਂ ਏ ਆਈ ਵਾਈ ਐੱਫ ਬਲਾਕ ਕਮੇਟੀ ਦੇ ਪ੍ਰਧਾਨ ਸਨ। ਹਰਿੰਦਰਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਜੋਤ ਸਿੰਘ ਵੀ ਬਦੇਸ਼ ਜਾਣ ਤੋਂ ਪਹਿਲਾਂ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਲਾਮਬੰਦ ਕਰਕੇ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਰਹੇ ਹਨ ਅਤੇ ਹੁਣ ਵੀ ਹਰ ਸਾਲ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਪਾਰਟੀ ਵੱਲੋਂ ਕੀਤੇ ਜਾਂਦੇ ਸੂਬਾ ਤੇ ਜ਼ਿਲ੍ਹਾ ਪੱਧਰੀ ਸਮਾਗਮਾਂ ਦੀ ਆਰਥਕ ਮਦਦ ਕਰਨ ਲਈ ਖਿੜੇ ਮੱਥੇ ਹਾਜ਼ਰ ਰਹਿੰਦੇ ਹਨ। ਇਨ੍ਹਾਂ ਤੋਂ ਅਗਲੀ ਪੀੜ੍ਹੀ ਵੀ ਪਾਰਟੀ ਸਕੂਲਾਂ ਵਿੱਚ ਸ਼ਮੂਲੀਅਤ ਕਰਦੀ ਰਹਿੰਦੀ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਹੁਣ ਜਦੋਂ ਪਾਰਟੀ ਦੀ 25ਵੀਂ ਕਾਂਗਰਸ ਪੰਜਾਬ ਵਿੱਚ ਹੋਣ ਜਾ ਰਹੀ ਹੈ ਤਾਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਮੁੱਚੇ ਪਰਵਾਰ ਦੇ ਸਤਿਕਾਰਤ ਆਗੂ ਕਾਮਰੇਡ ਜਗਰੂਪ ਵਲੋਂ ਕੀਤੀ ਅਪੀਲ ’ਤੇ ਸਮੁੱਚੇ ਭਾਈਕੇ ਪਰਵਾਰ ਨੇ ਵਿਚਾਰ ਕਰਦਿਆਂ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਇਸ ਮਹਾਨ ਕਾਰਜ ਲਈ ਦੇਣ ਦਾ ਐਲਾਨ ਕੀਤਾ ਹੈ। ਯਾਦ ਰਹੇ ਕਿ ਮਰਹੂਮ ਕਾਮਰੇਡ ਰਣਧੀਰ ਸਿੰਘ ਗਿੱਲ ਦਾ ਪਰਵਾਰ ਵੱਖਰੇ ਤੌਰ ’ਤੇ ਪਹਿਲਾਂ ਵੀ ਇੱਕ ਲੱਖ ਰੁਪਏ 25 ਵੇਂ ਮਹਾਂ-ਸੰਮੇਲਨ ਲਈ ਦੇ ਚੁੱਕਾ ਹੈ।ਜ਼ਿਲ੍ਹਾ ਪਾਰਟੀ ਵੱਲੋਂ ਕੁਲਦੀਪ ਸਿੰਘ ਭੋਲਾ, ਸਬਰਾਜ ਸਿੰਘ ਢੁੱਡੀਕੇ ਅਤੇ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਪਾਰਟੀ ਕਾਂਗਰਸ ਵਰਗੇ ਮਹਾਨ ਕਾਰਜ ਲਈ ਵੱਡੇ ਆਰਥਕ ਸਹਿਯੋਗ ਲਈ ਭਾਈਕਾ ਪਰਵਾਰ ਦਾ ਧੰਨਵਾਦ ਕੀਤਾ ਹੈ।




