ਨਵੀਂ ਦਿੱਲੀ : ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ ਨੇ ‘ਵੋਟ ਚੋਰੀ’ ਦੇ ਦੋਸ਼ਾਂ ਬਾਰੇ ਜਵਾਬ ਲਈ ਚੋਣ ਕਮਿਸ਼ਨ ਦੀ ਸਖ਼ਤ ਆਲੋਚਨਾ ਕਰਦੇ ਹੋਏ ਐਤਵਾਰ ਕਿਹਾ ਕਿ ਚੋਣ ਸੰਸਥਾ ਨੂੰ ‘ਇਤਰਾਜ਼ਯੋਗ ਤੇ ਅਪਮਾਨਜਨਕ’ ਭਾਸ਼ਾ ਵਿਚ ਚੀਕਣ ਦੀ ਥਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਦਾ ਹੁਕਮ ਦੇਣਾ ਚਾਹੀਦਾ ਸੀ। ਕੁਰੈਸ਼ੀ ਨੇ ਇੱਕ ਮੀਡੀਆ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਗਾਂਧੀ ਵੱਲੋਂ ਦੋਸ਼ ਲਗਾਉਂਦੇ ਸਮੇਂ ਵਰਤੇ ਗਏ ਜ਼ਿਆਦਾਤਰ ਸ਼ਬਦ ਜਿਵੇਂ ਕਿ ‘ਹਾਈਡਰੋਜਨ ਬੰਬ’ ਨਾਲ ਤੁਲਨਾ ਭਾਵੇਂ ‘ਸਿਆਸੀ ਬਿਆਨਬਾਜ਼ੀ’ ਸੀ, ਪਰ ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਕਾਂਗਰਸੀ ਆਗੁੂ ਵੱਲੋਂ ਰੱਖੀਆਂ ਸ਼ਿਕਾਇਤਾਂ ਦੀ ਵਿਸਥਾਰ ਨਾਲ ਜਾਂਚ ਕਰਨ ਦੀ ਲੋੜ ਹੈ। ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਚੋਣ ਕਮਿਸ਼ਨ ਦੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਢੰਗ-ਤਰੀਕੇ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਨਾ ਸਿਰਫ਼ ‘ਅਣਕਿਆਸੀਆਂ ਮੁਸ਼ਕਲਾਂ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਬਲਕਿ ਚੋਣ ਸੰਸਥਾ ਨੇ ‘ਭਰਿੰਡਾਂ ਦੇ ਛੱਤੇ’ ਵਿੱਚ ਹੱਥ ਦਿੱਤਾ ਹੈ, ਜੋ ਇਸ ਨੂੰ ਨੁਕਸਾਨ ਪਹੁੰਚਾਏਗਾ।
ਕੁਰੈਸ਼ੀ ਨੇ ਜੁਗਰਨਾਟ ਬੁਕਸ ਵੱਲੋਂ ਪ੍ਰਕਾਸ਼ਤ ਆਪਣੀ ਨਵੀਂ ਕਿਤਾਬ ਲਾਂਚ ਤੋਂ ਪਹਿਲਾਂ ਕਿਹਾ, ‘ਤੁਸੀਂ ਜਾਣਦੇ ਹੋ, ਜਦੋਂ ਮੈਂ ਚੋਣ ਕਮਿਸ਼ਨ ਦੀ ਕੋਈ ਆਲੋਚਨਾ ਸੁਣਦਾ ਹਾਂ, ਤਾਂ ਮੈਨੂੰ ਬਹੁਤ ਚਿੰਤਾ ਹੁੰਦੀ ਹੈ ਅਤੇ ਬਹੁਤ ਦੁੱਖ ਹੁੰਦਾ ਹੈ, ਨਾ ਸਿਰਫ਼ ਭਾਰਤ ਦੇ ਨਾਗਰਿਕ ਵਜੋਂ, ਸਗੋਂ ਇਸ ਲਈ ਵੀ, ਕਿਉਂਕਿ ਮੈਂ ਖੁਦ ਮੁੱਖ ਚੋਣ ਕਮਿਸ਼ਨਰ ਰਿਹਾ ਹਾਂ, ਉਸ ਸੰਸਥਾ ਵਿੱਚ ਮੈਂ ਇੱਕ ਜਾਂ ਦੋ ਇੱਟ ਵੀ ਲਗਾਈ ਹੈ।’ ਸਾਲ 2010 ਅਤੇ 2012 ਵਿਚਕਾਰ ਮੁੱਖ ਚੋਣ ਕਮਿਸ਼ਨਰ ਰਹੇ ਕੁਰੈਸ਼ੀ ਨੇ ਕਿਹਾਜਦੋਂ ਮੈਂ ਉਸ ਸੰਸਥਾ ਨੂੰ ਕਿਸੇ ਵੀ ਤਰੀਕੇ ਨਾਲ ਹਮਲੇ ਅਧੀਨ ਜਾਂ ਕਮਜ਼ੋਰ ਹੁੰਦਾ ਦੇਖਦਾ ਹਾਂ ਤਾਂ ਮੈਨੂੰ ਫ਼ਿਕਰ ਹੁੰਦੀ ਹੈ। ਚੋਣ ਕਮਿਸ਼ਨ ਨੂੰ ਵੀ ਸਵੈ-ਪੜਚੋਲ ਕਰਨੀ ਚਾਹੀਦੀ ਹੈ ਤੇ ਫਿਕਰਮੰਦ ਹੋਣਾ ਚਾਹੀਦਾ ਹੈ। ਮੈਂ ਹਮੇਸ਼ਾ ਵਿਰੋਧੀ ਪਾਰਟੀਆਂ ਨੂੰ ਤਰਜੀਹ ਦਿੱਤੀ ਹੈ, ਕਿਉਂਕਿ ਉਹ ਕਮਜ਼ੋਰ ਹਨ। ਕੁਰੈਸ਼ੀ ਨੇ ਕਿਹਾ ਕਿ ਸੱਤਾ ਵਿਚ ਬੈਠੀ ਪਾਰਟੀ ਨੂੰ ਲਾਡ-ਪਿਆਰ ਦੀ ਓਨੀ ਲੋੜ ਨਹੀਂ ਹੁੰਦੀ, ਜਿੰਨੀ ਵਿਰੋਧੀ ਧਿਰ ਨੂੰ ਹੁੰਦੀ ਹੈ, ਕਿਉਂਕਿ ਵਿਰੋਧੀ ਧਿਰ ਸੱਤਾ ਤੋਂ ਬਾਹਰ ਹੈ। ਇੱਥੇ ਵਿਰੋਧੀ ਧਿਰ ਨੂੰ ਵਾਰ-ਵਾਰ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਅਸਲ ਵਿੱਚ 23 ਪਾਰਟੀਆਂ ਨੂੰ ਕਹਿਣਾ ਪਿਆ ਹੈ ਕਿ ਉਨ੍ਹਾਂ ਨੂੰ ਮੁਲਾਕਾਤ ਲਈ ਸਮਾਂ ਨਹੀਂ ਮਿਲ ਰਿਹਾ ਅਤੇ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਕੁਰੈਸ਼ੀ ਨੇ ਦਲੀਲ ਦਿੱਤੀ ਕਿ ਚੋਣ ਕਮਿਸ਼ਨ ਨੂੰ ਰਾਹੁਲ ਗਾਂਧੀ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਹਿਣ ਦੀ ਥਾਂ ਉਨ੍ਹਾ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕਰਵਾਉਣੀ ਚਾਹੀਦੀ ਸੀ। ਕੁਰੈਸ਼ੀ ਨੇ ਕਿਹਾ, ‘ਰਾਹੁਲ ਗਾਂਧੀ ਆਖ਼ਰਕਾਰ ਵਿਰੋਧੀ ਧਿਰ ਦੇ ਨੇਤਾ (ਐੱਲ ਓ ਪੀ) ਹਨ, ਉਨ੍ਹਾ ’ਤੇ ਉਸ ਤਰ੍ਹਾਂ ਨਾ ਚੀਕੋ, ਜਿਵੇਂ ਚੋਣ ਕਮਿਸ਼ਨ ਨੇ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਉਸ ਚੋਣ ਕਮਿਸ਼ਨ ਵਰਗਾ ਨਹੀਂ ਹੈ, ਜਿਸ ਨੂੰ ਅਸੀਂ ਜਾਣਦੇ ਹਾਂ।’
ਕੁਰੈਸ਼ੀ ਨੇ ਕਿਹਾ, ‘ਸਾਨੂੰ (ਚੋਣ ਕਮਿਸ਼ਨ) ਸਿਰਫ਼ ਨਿਰਪੱਖ ਹੀ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਨਿਰਪੱਖ ਦਿਖਣਾ ਵੀ ਚਾਹੀਦਾ ਹੈ। ਜਾਂਚ ਤੱਥਾਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਲਈ ਚੋਣ ਕਮਿਸ਼ਨ ਨੇ ਜਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ, ਉਸ ਦੀ ਬਜਾਏ ਜਾਂਚ ਸਹੀ ਕੰਮ ਸੀ ਅਤੇ ਉਨ੍ਹਾਂ ਇੱਕ ਮੌਕਾ ਗੁਆ ਦਿੱਤਾ।’ ਸਾਬਕਾ ਚੋਣ ਕਮਿਸ਼ਨਰ ਕੁਰੈਸ਼ੀ ਦੀ ਇਹ ਟਿੱਪਣੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਪਿਛਲੇ ਮਹੀਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿਚ ਉਨ੍ਹਾ ਕਿਹਾ ਸੀ ਕਿ ਗਾਂਧੀ ਨੂੰ ਵੋਟਰ ਸੂਚੀ ਵਿੱਚ ਬੇਨਿਯਮੀਆਂ ਦੇ ਆਪਣੇ ਦੋਸ਼ਾਂ ਬਾਰੇ ਸੱਤ ਦਿਨਾਂ ਦੇ ਅੰਦਰ ਹਲਫ਼ਨਾਮਾ ਦਾਇਰ ਕਰਨਾ ਹੋਵੇਗਾ, ਨਹੀਂ ਤਾਂ ਉਨ੍ਹਾ ਦੇ ‘ਵੋਟ ਚੋਰੀ’ ਦੇ ਦਾਅਵਿਆਂ ਨੂੰ ਬੇਬੁਨਿਆਦ ਅਤੇ ਅਵੈਧ ਕਰਾਰ ਦਿੱਤਾ ਜਾਵੇਗਾ।



