ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਯੂ ਪੀ ਅਤੇ ਬਿਹਾਰ ‘ਚ ਵਿਰੋਧੀ ਦਲ ਆਪਣੇ ਗਠਜੋੜ ਨੂੰ ਮਜ਼ਬੂਤ ਕਰਨ ‘ਚ ਲੱਗੇ ਹੋਏ ਹਨ | ਇਸ ਲੜੀ ਅਧੀਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ | ਬੀਤੀ 6 ਸਤੰਬਰ ਨੂੰ ਨਿਤਿਸ਼ ਕੁਮਾਰ ਨੇ ਗੁੜਗਾਓਾ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ | ਇਸ ਦੇ ਨਾਲ ਹੀ ਨਿਤਿਸ਼ ਨੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ | ਵਿਰੋਧੀ ਦਲਾਂ ਨੂੰ ਇੱਕ ਸਾਥ ਲਿਆਉਣ ਦੀ ਨਿਤਿਸ਼ ਕੁਮਾਰ ਦੀ ਕੋਸ਼ਿਸ਼ ਦੌਰਾਨ ਹੁਣ ਉਤਰ ਪ੍ਰਦੇਸ਼ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਨਿਤਿਸ਼ ਕੁਮਾਰ ਅਤੇ ਅਖਿਲੇਸ਼ ਯਾਦਵ ਨਜ਼ਰ ਆ ਰਹੇ ਹਨ | ਦੋਵਾਂ ਦੀ ਤਸਵੀਰ ਵਾਲੇ ਪੋਸਟਰ ‘ਚ ਲਿਖਿਆ ਹੈ— ‘ਯੂ ਪੀ+ ਬਿਹਾਰ=ਗਈ ਮੋਦੀ ਸਰਕਾਰ |’ ਜ਼ਿਕਰਯੋਗ ਹੈ ਕਿ ਇਸ ਪੋਸਟਰ ‘ਤੇ ਸਪਾ ਨੇਤਾ ਆਈ ਪੀ ਸਿੰਘ ਦਾ ਨਾਂਅ ਲਿਖਿਆ ਹੈ | ਮੰਨਿਆ ਜਾ ਰਿਹਾ ਹੈ ਕਿ ਪੋਸਟ ਜ਼ਰੀਏ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਨੂੰ 2024 ਲੋਕ ਸਭਾ ਚੋਣਾਂ ‘ਚ ਰੋਕਣ ਲਈ ਸਪਾ ਇਸ ਵਾਰ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਖੇਮੇ ਨਾਲ ਖੜੀ ਹੈ | ਉਥੇ ਹੀ ਅਖਿਲੇਸ਼ ਯਾਦਵ ਵੀ ਕਹਿ ਚੁੱਕੇ ਹਨ ਕਿ ਇਸ ਮੁਹਿੰਮ ‘ਚ ਉਹ ਨਿਤਿਸ਼ ਕੁਮਾਰ ਦੇ ਨਾਲ ਹਨ |




