ਬਿਲਕਿਸ ਬਾਨੋ ਨਾਲ ਜਬਰ-ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਰਿਹਾਅ ਕਰਕੇ ਭਾਜਪਾ ਨੇ ਔਰਤਾਂ ਦਾ ਮਜ਼ਾਕ ਉਡਾਇਆ : ਬਰਾੜ

0
342

ਚੰਡੀਗੜ੍ਹ (ਗੁਰਜੀਤ ਬਿੱਲਾ)
ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪਾਰਟੀ ਹੈੱਡ ਕੁਆਰਟਰ ਤੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਔਰਤਾਂ ਦਾ ਮਜ਼ਾਕ ਉਡਾਇਆ ਹੈ | ਗੁਜਰਾਤ ਦੰਗਿਆਂ ‘ਚ ਇੱਕ ਫਿਰਕੇ ਦੇ ਲੋਕਾਂ ਨੇ ਦੂਜੇ ਫਿਰਕੇ ਦੀ ਔਰਤ ਬਿਲਕਿਸ ਬਾਨੋ ਦੇ ਪਰਵਾਰ ਦੇ 7 ਮੈਂਬਰਾਂ ਦੀ ਹੱਤਿਆ ਕਰ ਕੇ ਉਸ ਨਾਲ ਗੈਂਗਰੇਪ ਕੀਤਾ | ਉਸ ‘ਤੇ ਏਨਾ ਜ਼ੁਲਮ ਢਾਹਿਆ ਕਿ ਉਹ ਬੇਹੋਸ਼ ਹੋ ਗਈ | ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਵੇਖਿਆ ਕਿ ਉਹ ਬਿਨਾਂ ਕੱਪੜਿਆਂ ਦੇ ਇਕ ਲਾਸ਼ ਦੀ ਤਰ੍ਹਾਂ ਪਈ ਹੋਈ ਹੈ | ਉਹ ਇਸ ਹਾਲਤ ‘ਚ ਇਧਰ-ਉਧਰ ਭਟਕਣ ਲੱਗੀ | ਇਸ ਪ੍ਰਸਥਿਤੀ ਵਿਚ ਵੇਖ ਕੇ ਕਬਾਇਲੀ ਔਰਤਾਂ ਨੇ ਉਸ ਨੂੰ ਕੱਪੜੇ ਦਿੱਤੇ ਤੇ ਫਿਰ ਉਸ ਨੇ ਆਪਣਾ ਨੰਗੇਜ਼ ਢੱਕਿਆ | ਇਸ ਕੇਸ ‘ਚ ਅਦਾਲਤ ਨੇ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਤੇ ਉਹ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਸਨ, ਪਰ ਪਿਛਲੇ ਦਿਨੀਂ ਗੁਜਰਾਤ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਾ ਜੇਲ੍ਹ ਵਿੱਚ ਚਾਲ-ਚੱਲਣ ਠੀਕ ਸੀ |
ਭਾਜਪਾ ਸਰਕਾਰ ਦੀ ਇਸ ਨੀਤੀ ਵਿਰੁੱਧ ਦੇਸ਼ ਭਰ ਵਿਚ ਔਰਤਾਂ ਭੜਕ ਉੱਠੀਆਂ ਤੇ ਉਹ ਲਗਾਤਾਰ ਗੁਜਰਾਤ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ | ਪੰਜਾਬ ਇਸਤਰੀ ਸਭਾ ਵੀ ਪੰਜਾਬ ਦੇ ਵੱਖ-ਵੱਖ ਥਾਂਵਾਂ ‘ਤੇ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ | ਬਰਾੜ ਨੇ ਕਿਹਾ ਕਿ ਸਾਰੀ ਪਾਰਟੀ ਪੰਜਾਬ ਇਸਤਰੀ ਸਭਾ ਦੇ ਇਨ੍ਹਾਂ ਪ੍ਰਦਰਸ਼ਨਾਂ ਦੀ ਪੁਰਜ਼ੋਰ ਹਮਾਇਤ ਕਰਦੀ ਹੈ | ਇਸੇ ਤਰ੍ਹਾਂ ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਦੀਆਂ ਬਾਕੀ ਮਜ਼ਦੂਰ ਜਥੇਬੰਦੀਆਂ ਨਾਲ ਰਲ ਕੇ 12-13 ਤੇ 14 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਸੰਗਰੂਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਹੈ | ਖੇਤ ਮਜ਼ਦੂਰਾਂ ਦੀ ਮੁੱਖ ਮੰਗ ਹੈ ਕਿ ਮਨਰੇਗਾ ਕੰਮ ਤਹਿਤ ਹੋ ਰਹੀ ਵੱਡੀ ਘਪਲੇਬਾਜ਼ੀ ਦਾ ਸਰਕਾਰ ਪਰਦਾ ਫਾਸ਼ ਕਰੇ ਅਤੇ ਇਸ ਕਾਨੂੰਨ ਅਧੀਨ ਹੋ ਰਹੇ ਕੰਮਾਂ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਜੇਲ੍ਹਾਂ ‘ਚ ਡੱਕਿਆ ਜਾਵੇ, ਕਿਉਂਕਿ ਅਫਸਰਸ਼ਾਹੀ ਮੁਲਾਜ਼ਮਾਂ ਤੇ ਪਿੰਡਾਂ ਦੇ ਚੌਧਰੀਆਂ ਨਾਲ ਰਲ ਕੇ ਇਸ ਕਾਰਜ ਵਿਚ ਬੜੀ ਘਪਲੇਬਾਜ਼ੀ ਕਰ ਰਹੀ ਹੈ | ਮਨਰੇਗਾ ਕੰਮ ਦੀ ਦਿਹਾੜੀ ਵਧਾਈ ਜਾਵੇ ਅਤੇ ਸਾਲ ਵਿਚ 200 ਦਿਨ ਕੰਮ ਦਿੱਤਾ ਜਾਵੇ | ਸਾਰੀ ਪਾਰਟੀ ਇਸ ਤਿੰਨ ਦਿਨਾ ਪ੍ਰੋਗਰਾਮ ਵਿਚ ਪੂਰੀ ਹਿੰਮਤ ਨਾਲ ਇਨ੍ਹਾਂ ਜਥੇਬੰਦੀਆਂ ਦਾ ਸਾਥ ਦੇਵੇ | ਬਰਾੜ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸਰਬ ਭਾਰਤ ਨੌਜਵਾਨ ਸਭਾ ਤੇ ਏ ਆਈ ਐੱਸ ਐੱਫ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪ੍ਰੋਗਰਾਮ ਕਰ ਰਹੀ ਹੈ | ਪਾਰਟੀ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਕਾਮਯਾਬ ਵਾਸਤੇ ਪੂਰਨ ਹਮਾਇਤ ਕਰਨ | ਉਨ੍ਹਾ ਪਾਰਟੀ ਦੇ ਬਲਾਕ, ਜ਼ਿਲ੍ਹਾ ਤੇ ਸੂਬਾਈ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਰਾਂਚਾਂ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬ੍ਰਾਂਚਾਂ ਦੀਆਂ ਮੀਟਿੰਗਾਂ, ਸਕੂਲਿੰਗ ਤੇ ਪਾਰਟੀ ਦੇ ਪ੍ਰੋਗਰਾਮ ਬਾਰੇ ਹਮਦਰਦਾਂ ਨੂੰ ਜਾਗਿ੍ਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ |

LEAVE A REPLY

Please enter your comment!
Please enter your name here