ਬੀਜਿੰਗ : ਚੀਨ ਨੇ ਸੋਮਵਾਰ ਜੀ-7 ਅਤੇ ਨਾਟੋ ਦੇਸ਼ਾਂ ਨੂੰ ਚੀਨ ਅਤੇ ਰੂਸੀ ਤੇਲ ਦਰਾਮਦ ਕਰਨ ਵਾਲੇ ਹੋਰਨਾਂ ਦੇਸ਼ਾਂ ’ਤੇ ਟੈਕਸ ਲਗਾਉਣ ਦੀ ਅਮਰੀਕੀ ਮੰਗ ਨੂੰ ਇਕਪਾਸੜ ਧੱਕੇਸ਼ਾਹੀ ਅਤੇ ਆਰਥਕ ਜ਼ਬਰਦਸਤੀ ਦੀ ਇੱਕ ਖਾਸ ਕਾਰਵਾਈ ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਜੇ ਵਾਸ਼ਿੰਗਟਨ ਦੀ ਮੰਗ ਮੰਨੀ ਗਈ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਸਪੇਨ ਵਿੱਚ ਆਰਥਕ ਅਤੇ ਵਪਾਰਕ ਮੁੱਦਿਆਂ ’ਤੇ ਚੀਨੀ ਅਤੇ ਅਮਰੀਕੀ ਵਫਦਾਂ ਵਿਚਕਾਰ ਗੱਲਬਾਤ ਦੇ ਦੂਜੇ ਦਿਨ ਅਮਰੀਕਾ ਦੀ ਇਸ ਮੰਗ ਨੂੰ ਚੀਨ ਨੇ ਖਾਰਜ ਕੀਤਾ। ਇੱਕ ਨਿਯਮਤ ਨਿਊਜ਼ ਬ੍ਰੀਫਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਰੂਸ ਸਮੇਤ ਦੁਨੀਆ ਭਰ ਦੇ ਦੇਸ਼ਾਂ ਨਾਲ ਚੀਨ ਦਾ ਆਮ ਆਰਥਕ ਅਤੇ ਊਰਜਾ ਸਹਿਯੋਗ ਜਾਇਜ਼, ਕਾਨੂੰਨੀ ਅਤੇ ਬੇਦਾਗ ਹੈ। ਲਿਨ ਨੇ ਕਿਹਾ, ‘ਅਮਰੀਕਾ ਦਾ ਇਹ ਕਦਮ ਇਕਪਾਸੜ ਧੱਕੇਸ਼ਾਹੀ ਅਤੇ ਆਰਥਕ ਜ਼ਬਰਦਸਤੀ ਦੀ ਇੱਕ ਖਾਸ ਕਾਰਵਾਈ ਹੈ, ਜੋ ਅੰਤਰਰਾਸ਼ਟਰੀ ਵਪਾਰ ਨਿਯਮਾਂ ਨੂੰ ਕਮਜ਼ੋਰ ਕਰਦੀ ਹੈ ਅਤੇ ਵਿਸ਼ਵ ਉਦਯੋਗਿਕ ਤੇ ਸਪਲਾਈ ਲੜੀਆਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਖਤਰਾ ਪਹੁੰਚਾਉਂਦੀ ਹੈ।’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿੱਚਰਵਾਰ ਕਿਹਾ ਸੀ ਕਿ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਵਿੱਚ ਮਦਦ ਲਈ ਨਾਟੋ ਦੇਸ਼ਾਂ ਨੂੰ ਚੀਨ ’ਤੇ 50 ਤੋਂ 100 ਫੀਸਦੀ ਟੈਕਸ ਲਗਾਉਣੇ ਚਾਹੀਦੇ ਹਨ ਅਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ।


