ਪਾਕਿ ਫੌਜ ਦੀ ਬੰਬਾਰੀ ਨਾਲ 30 ਨਾਗਰਿਕ ਮਰੇ

0
99

ਇਸਲਾਮਾਬਾਦ : ਪਾਕਿਸਤਾਨੀ ਹਵਾਈ ਸੈਨਾ ਵੱਲੋਂ ਸੋਮਵਾਰ ਵੱਡੇ ਤੜਕੇ ਖੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਦੇ ਮਤਰੇ ਦਾਰਾ ਪਿੰਡ ’ਤੇ ਕੀਤੇ ਗਏ ਹਵਾਈ ਹਮਲੇ ਵਿੱਚ ਘੱਟੋ-ਘੱਟ 30 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਹ ਦਾਅਵਾ ਉੱਚ ਮਿਆਰੀ ਸੂਤਰਾਂ ਨੇ ਕੀਤਾ ਹੈ।
ਹਮਲੇ ਸਵੇਰੇ 2 ਵਜੇ ਦੇ ਕਰੀਬ ਸ਼ੁਰੂ ਹੋਏ, ਜਦੋਂ ਜੇ ਐੱਫ-17 ਲੜਾਕੂ ਜਹਾਜ਼ਾਂ ਨੇ ਦੂਰ-ਦੁਰਾਡੇ ਦੀ ਬਸਤੀ ’ਤੇ ਘੱਟੋ-ਘੱਟ ਅੱਠ ਚੀਨੀ ਸਾਖਤ ਦੇ ਐੱਲ ਐੱਸ-6 ਬੰਬ ਸੁੱਟੇ। ਚਸ਼ਮਦੀਦਾਂ ਨੇ ਵੱਡੀ ਤਬਾਹੀ ਦਾ ਦਾਅਵਾ ਕੀਤਾ ਹੈ। ਮਲਬੇ ਨਾਲ ਭਰੀਆਂ ਗਲੀਆਂ ਵਿੱਚ ਲਾਸ਼ਾਂ ਪਈਆਂ ਸਨ ਅਤੇ ਬਚੇ ਹੋਏ ਲੋਕ ਨੰਗੇ ਹੱਥਾਂ ਨਾਲ ਢਹਿ-ਢੇਰੀ ਹੋਏ ਘਰਾਂ ਵਿੱਚੋਂ ਖੁਦਾਈ ਕਰ ਰਹੇ ਸਨ।
ਇਕ ਸੂਤਰ ਨੇ ਕਤਲੇਆਮ ਦਾ ਬਿਓਰਾ ਦਿੰਦਿਆਂ ਕਿਹਾ, ‘‘ਪੂਰੇ ਪਰਵਾਰ ਸਫਾਇਆ ਹੋ ਗਏ ਹਨ। ਜ਼ਿਆਦਾਤਰ ਪੀੜਤ ਔਰਤਾਂ ਅਤੇ ਬੱਚੇ ਹਨ, ਜਿਨ੍ਹਾਂ ਕੋਲ ਬਚਣ ਦਾ ਕੋਈ ਮੌਕਾ ਨਹੀਂ ਸੀ।’’
ਅਫਗਾਨ ਸਰਹੱਦ ਨੇੜੇ ਤਿਰਾਹ ਘਾਟੀ ਲੰਮੇ ਸਮੇਂ ਤੋਂ ਟਕਰਾਅ ਵਾਲਾ ਖੇਤਰ ਰਿਹਾ ਹੈ, ਜਿੱਥੇ ਪਾਕਿਸਤਾਨੀ ਫੌਜਾਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਅਤੇ ਹੋਰ ਹਥਿਆਰਬੰਦ ਸਮੂਹਾਂ ਵਿਰੁੱਧ ਵਾਰ-ਵਾਰ ਹਮਲੇ ਕੀਤੇ ਹਨ। ਅਜਿਹੇ ਹਮਲਿਆਂ ਵਿੱਚ ਆਮ ਨਾਗਰਿਕਾਂ ਦੀ ਮੌਤ ਦੀ ਪਿਛਲੇ ਸਮੇਂ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ। ਪਾਕਿਸਤਾਨੀ ਫੌਜ ਨੇ ਅਜੇ ਤੱਕ ਹਮਲਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।