ਕੋਲਕਾਤਾ : ਰਾਤ ਭਰ ਪਏ ਮੀਂਹ ਮਗਰੋਂ ਹੜ੍ਹਾਂ ਵਾਲੇ ਹਾਲਾਤ ਕਰਕੇ ਮੰਗਲਵਾਰ ਨੂੰ ਕੋਲਕਾਤਾ ’ਚ ਆਮ ਜ਼ਿੰਦਗੀ ਲੀਹੋਂ ਲੱਥ ਗਈ। ਰੋਜ਼ਮਰ੍ਹਾ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ। ਘੱਟੋ-ਘੱਟ 8 ਲੋਕਾਂ ਦੀ ਕਰੰਟ ਨਾਲ ਮੌਤ ਹੋ ਗਈ।
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਥਿਤੀ ਨੂੰ ਭਿਆਨਕ ਦੱਸਦਿਆਂ ਫਰੱਕਾ ਬੰਨ੍ਹ ਦੀ ਮਾੜੀ ਡਰੇਨਿੰਗ ਅਤੇ ਨਿੱਜੀ ਬਿਜਲੀ ਕੰਪਨੀ ਕਲਕੱਤਾ ਇਲੈਕਟ੍ਰੀਸਿਟੀ ਸਪਲਾਈ ਕਾਰਪੋਰੇਸ਼ਨ (ਸੀ ਈ ਐੱਸ ਸੀ) ਦੀਆਂ ਖਾਮੀਆਂ ’ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾ ਕਿਹਾ ਕਿ ਨਿੱਜੀ ਕੰਪਨੀ ਬਿਜ਼ਨੈੱਸ ਇੱਥੇ ਕਰਦੀ ਹੈ ਤੇ ਆਪਣੀਆਂ ਰਾਜਸਥਾਨ ਵਿਚਲੀਆਂ ਸਹੂਲਤਾਂ ਦਾ ਆਧੁਨਿਕੀਕਰਨ ਕਰ ਰਹੀ ਹੈ। ਉਸ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਉਸ ਨੇ ਧਿਆਨ ਨਹੀਂ ਦਿੱਤਾ। ਜਿਹੜੇ ਲੋਕ ਮਰੇ ਹਨ, ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਕੰਪਨੀ ਨੌਕਰੀਆਂ ਦੇਵੇ। ਉਨ੍ਹਾ ਇਹ ਵੀ ਕਿਹਾ ਕਿ ਸੰਕਟ ਦੀ ਇਸ ਘੜੀ ਵਾਰ-ਵਾਰ ਸੰਪਰਕ ਕਰਨ ’ਤੇ ਵੀ ਕੰਪਨੀ ਦੇ ਅਧਿਕਾਰੀ ਨਹੀਂ ਮਿਲੇ। ਮੁੱਖ ਮੰਤਰੀ ਨੇ ਨਿੱਜੀ ਖੇਤਰ ਦੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਉਹ ਅਗਲੇ ਦੋ ਦਿਨ ਘਰਾਂ ਤੋਂ ਕੰਮ ਕਰਨ, ਕਿਉਕਿ ਪਤਾ ਨਹੀਂ ਕਿੱਥੇ ਬਿਜਲੀ ਦੀ ਤਾਰ ਨੰਗੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ ਸ਼ਹਿਰ ਅਤੇ ਉਪਨਗਰਾਂ ਵਿੱਚ ਰੇਲ ਅਤੇ ਮੈਟਰੋ ਰੇਲਵੇ ਸੇਵਾਵਾਂ ਵਿੱਚ ਵਿਘਨ ਪਿਆ। ਅੱਧੀ ਰਾਤ ਤੋਂ ਸ਼ੁਰੂ ਹੋਏ ਮੀਂਹ ਤੋਂ ਬਾਅਦ ਸੜਕਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਸ਼ਹਿਰ ਦੇ ਕਈ ਘਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਪਾਣੀ ਦਾਖਲ ਹੋ ਗਿਆ। ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ ਸਿਆਲਦਾਹ ਦੱਖਣੀ ਹਿੱਸੇ ਵਿੱਚ ਰੇਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੋਲਕਾਤਾ ਨਗਰ ਨਿਗਮ ਨੇ ਕਿਹਾ ਕਿ ਸ਼ਹਿਰ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਮੀਂਹ ਪਿਆ। ਕੁਝ ਘੰਟਿਆਂ ਵਿੱਚ ਹੀ ਗਰੀਆ ਕਾਮਦਹਰੀ ਵਿੱਚ 332 ਮਿਲੀਮੀਟਰ ਤੇ ਜੋਧਪੁਰ ਪਾਰਕ ਵਿੱਚ 285 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਕਾਲੀਘਾਟ ਵਿੱਚ 280 ਮਿਲੀਮੀਟਰ, ਟੋਪਸੀਆ ਵਿੱਚ 275 ਮਿਲੀਮੀਟਰ, ਬਾਲੀਗੰਜ ਵਿੱਚ 264 ਮਿਲੀਮੀਟਰ, ਜਦੋਂ ਕਿ ਉੱਤਰੀ ਕੋਲਕਾਤਾ ਦੇ ਥੰਟਾਨੀਆ ਵਿੱਚ 195 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ 37 ਸਾਲ ਪਹਿਲਾਂ 24 ਅਗਸਤ 1988 ਨੂੰ ਕੋਲਕਾਤਾ ਵਿੱਚ 253 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ।
ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਤੱਕ ਦੱਖਣੀ ਬੰਗਾਲ ਦੇ ਪੂਰਬੀ ਅਤੇ ਪੱਛਮੀ ਮੇਦਨੀਪੁਰ, ਦੱਖਣੀ 24 ਪਰਗਨਾ, ਝਾਰਗ੍ਰਾਮ ਅਤੇ ਬਾਂਕੁਰਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।





