ਪਟਨਾ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਇਸ ’ਤੇ ‘ਵੋਟ ਚੋਰੀ’ ਅਤੇ ਫਿਰਕੂ ਧਰੁਵੀਕਰਨ ਦਾ ਦੋਸ਼ ਲਗਾਇਆ। ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਮੋਦੀ ਸਰਕਾਰ ਦੇ ‘ਭਿ੍ਰਸ਼ਟ ਸ਼ਾਸਨ’ ਦੇ ਅੰਤ ਦੀ ਸ਼ੁਰੂਆਤ ਹੋਣਗੀਆਂ। ਇੱਥੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਖੜਗੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਾਲੀਆ ਬਿਆਨਾਂ ਅਤੇ ਕਾਰਵਾਈਆਂ ਦਾ ਸਪੱਸ਼ਟ ਹਵਾਲਾ ਵੀ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ।
ਖੜਗੇ ਨੇ ਕਿਹਾ, ‘‘ਕੌਮਾਂਤਰੀ ਪੱਧਰ ’ਤੇ ਸਾਡੀਆਂ ਸਮੱਸਿਆਵਾਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਕੂਟਨੀਤਕ ਅਸਫਲਤਾ ਦਾ ਨਤੀਜਾ ਹਨ। ਜਿਨ੍ਹਾਂ ਦੋਸਤਾਂ ਨੂੰ ਪ੍ਰਧਾਨ ਮੰਤਰੀ ‘ਮੇਰੇ ਦੋਸਤ’ ਕਹਿ ਕੇ ਮਾਣ ਕਰਦੇ ਹਨ, ਉਹ ਅੱਜ ਭਾਰਤ ਨੂੰ ਕਈ ਮੁਸੀਬਤਾਂ ਵਿੱਚ ਪਾ ਰਹੇ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘ਅੱਜ, ਜਦੋਂ ਸਾਡੀ ਵੋਟਰ ਸੂਚੀ ਨਾਲ ਅਧਿਕਾਰਤ ਤੌਰ ’ਤੇ ਛੇੜਛਾੜ ਕੀਤੀ ਜਾ ਰਹੀ ਹੈ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਲੋਕਤੰਤਰ ਦੀ ਮਾਂ ਬਿਹਾਰ ਵਿੱਚ ਆਪਣੀ ਵਿਸਤਿ੍ਰਤ ਮੀਟਿੰਗ ਕਰੀਏ ਅਤੇ ਇਸ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏ।’ ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਲੋਕਤੰਤਰ ਦੀ ਨੀਂਹ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਹਨ। ਉਨ੍ਹਾਂ ਕਿਹਾ ਕਿ ਅੱਜ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਖੜਗੇ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਹੋਏ ਖੁਲਾਸਿਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਚੋਣ ਕਮਿਸ਼ਨ ਸਾਡੇ ਤੋਂ ਹਲਫ਼ਨਾਮੇ ਦੀ ਮੰਗ ਕਰ ਰਿਹਾ ਹੈ। ਖੜਗੇ ਨੇ ਬਿਹਾਰ ਵਿਚ ਵਿਆਪਕ ਵੋਟਰ ਸੂਚੀ ਸੁਧਾਰ ਦੇ ਹਵਾਲੇ ਨਾਲ ਕਿਹਾ ਕਿ ਬਿਹਾਰ ਦੀ ਮਿਸਾਲ ਤੋਂ ਬਾਅਦ, ਹੁਣ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦੀਆਂ ਵੋਟਾਂ ਨੂੰ ਹਟਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਵੋਟ ਚੋਰੀ ਦਾ ਅਰਥ ਹੈ ਰਾਸ਼ਨ, ਪੈਨਸ਼ਨ, ਦਵਾਈ, ਬੱਚਿਆਂ ਦੇ ਵਜ਼ੀਫ਼ੇ ਅਤੇ ਦਲਿਤਾਂ, ਆਦਿਵਾਸੀਆਂ, ਪੱਛੜੇ ਵਰਗਾਂ, ਬਹੁਤ ਪੱਛੜੇ ਵਰਗਾਂ, ਘੱਟ ਗਿਣਤੀਆਂ, ਕਮਜ਼ੋਰਾਂ ਅਤੇ ਗਰੀਬਾਂ ਨਾਲ ਸੰਬੰਧਤ ਪ੍ਰੀਖਿਆ ਫੀਸਾਂ ਦੀ ਚੋਰੀ।’ ਖੜਗੇ ਨੇ ਕਿਹਾ, ‘2 ਕਰੋੜ ਨੌਕਰੀਆਂ’ ਦਾ ਵਾਅਦਾ ਅਜੇ ਵੀ ਅਧੂਰਾ ਹੈ। ਨੌਜਵਾਨ ਰੁਜ਼ਗਾਰ ਤੋਂ ਬਿਨਾਂ ਭਟਕ ਰਹੇ ਹਨ। ਨੋਟਬੰਦੀ ਅਤੇ ਗਲਤ ਜੀ ਐਸ ਟੀ ਨੇ ਅਰਥਚਾਰੇ ਨੂੰ ਲੀਹੋਂ ਲਾਹ ਦਿੱਤਾ ਹੈ। ਅੱਠ ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੁਣ, ਜੀ ਐੱਸ ਟੀ ਵਿੱਚ ਉਹੀ ਸੁਧਾਰ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਦੀ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਮੰਗ ਕਰ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਐੱਨ ਡੀ ਏ ਗੱਠਜੋੜ ਦਾ ‘ਅੰਦਰੂਨੀ ਕਲੇਸ਼’ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਨ੍ਹਾ ਦਾਅਵਾ ਕੀਤਾ, ‘ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਮਾਨਸਿਕ ਤੌਰ ’ਤੇ ਸੇਵਾਮੁਕਤ ਕਰ ਦਿੱਤਾ ਹੈ। ਭਾਜਪਾ ਹੁਣ ਉਨ੍ਹਾਂ ਨੂੰ ਬੋਝ ਸਮਝਦੀ ਹੈ।’ ਉਨ੍ਹਾ ਕਿਹਾ, ‘2025 ਦੀਆਂ ਵਿਧਾਨ ਸਭਾ ਚੋਣਾਂ ਨਾ ਸਿਰਫ਼ ਬਿਹਾਰ ਲਈ, ਸਗੋਂ ਪੂਰੇ ਦੇਸ਼ ਲਈ ਇੱਕ ਮੀਲ ਪੱਥਰ ਸਾਬਤ ਹੋਣਗੀਆਂ। ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਾਂਗਰਸ ਵਰਕਿੰਗ ਕਮੇਟੀ ਬਿਹਾਰ ਵਿੱਚ ਮੀਟਿੰਗ ਕਰ ਰਹੀ ਹੈ।




