ਮੁੱਖ ਮੰਤਰੀ ਹਰ ਸਾਲ 60 ਡਾਕਟਰਾਂ ਨੂੰ ਸਨਮਾਨਤ ਕਰਨਗੇ

0
122

ਚੰਡੀਗੜ੍ਹ (ਗੁਰਜੀਤ ਬਿੱਲਾ,
�ਿਸ਼ਨ ਗਰਗ)
ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਡਾਕਟਰੀ ਪੇਸ਼ੇਵਰਾਂ ਦੀਆਂ ਅਣਥੱਕ ਸੇਵਾਵਾਂ ਨੂੰ ਮਾਨਤਾ ਦੇਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾਕਟਰਾਂ ਦਾ ਸਨਮਾਨ ਕਰਨ ਲਈ ਆਪਣੀ ਕਿਸਮ ਦੀ ਪਹਿਲੀ ਨੀਤੀ ਪੇਸ਼ ਕੀਤੀ ਹੈ।ਇਹ ਐਲਾਨ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਇੱਥੇ ਕੀਤਾ।ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ’ਤੇ ਸੂਬਾ ਪੱਧਰੀ ਸਮਾਗਮ ਵਿੱਚ ਪੁਰਸਕਾਰ ਪ੍ਰਦਾਨ ਕਰਨਗੇ।ਪ੍ਰੈੱਸ ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਹਰ ਸਾਲ 60 ਡਾਕਟਰਾਂ ਨੂੰ ਇਸ ਨਵੀਂ ਨੀਤੀ ਤਹਿਤ ਸਨਮਾਨਤ ਕਰੇਗੀ। ਇਹ ਪੁਰਸਕਾਰ ਚਾਰ ਸ਼੍ਰੇਣੀਆਂ ਤਹਿਤ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਰਾਜ ਪੱਧਰੀ ਸਰਵੋਤਮ ਡਾਕਟਰ ਪੁਰਸਕਾਰ, ਜਿਲ੍ਹਾ ਪੱਧਰੀ ਐਕਸੀਲੈਂਸ ਐਵਾਰਡ, ਨਵੀਨਤਾ ਜਾਂ ਜਨਤਕ ਸਿਹਤ ਲੀਡਰਸ਼ਿਪ ਲਈ ਵਿਸ਼ੇਸ਼ ਮਾਨਤਾ ਅਤੇ ਨਿੱਜੀ ਖੇਤਰ ਵਿੱਚ ਜਨਤਕ ਸੇਵਾ ਲਈ ਵਿਸ਼ੇਸ਼ ਮਾਨਤਾ ਸ਼ਾਮਲ ਹੈ। ਹਰੇਕ ਐਵਾਰਡੀ ਨੂੰ ਮੁੱਖ ਮੰਤਰੀ ਜਾਂ ਸਿਹਤ ਮੰਤਰੀ ਪੰਜਾਬ ਵੱਲੋਂ ਸਨਮਾਨ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਐਵਾਰਡੀ ਦਾ ਨਾਂਅ ਰਾਜ ਸਿਹਤ ਸਨਮਾਨ ਬੋਰਡ ’ਤੇ ਸਥਾਈ ਤੌਰ ’ਤੇ ਲਿਖਿਆ ਜਾਵੇਗਾ, ਜਿਸ ਨੂੰ ਡਿਜੀਟਲ ਰੂਪ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸੇ ਤਰਜ਼ ’ਤੇ ਸਿਹਤ ਵਿਭਾਗ ਵਿੱਚ ਮੋਹਰੀ ਕਤਾਰ ’ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ, ਨਰਸਾਂ ਅਤੇ ਹੋਰ ਸਟਾਫ਼ ਨੂੰ ਵੀ ਸਨਮਾਨਤ ਕੀਤਾ ਜਾਵੇਗਾ।