ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ ਈ ਵੀ ਐੱਮ/ਵੀ ਵੀ ਪੀ ਏ ਟੀ ਦਾ ਆਖਰੀ (ਦੂਜਾ ਆਖਰੀ) ਰਾਊਂਡ ਡਾਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਗਿਣਤੀ ਕੇਂਦਰ ’ਚ ਕੀਤਾ ਜਾਵੇਗਾ, ਜਿੱਥੇ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੋਵੇ। ਚੋਣ ਸੰਸਥਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਡਾਕ ਵੋਟਾਂ ਦੀ ਗਿਣਤੀ ਆਮ ਤੌਰ ’ਤੇ ਈ ਵੀ ਐੱਮ ਦੀ ਗਿਣਤੀ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ, ਪਰ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਪੂਰੀ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਨੇ ਇਹ ਫ਼ੈਸਲਾ ਲਿਆ ਹੈ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਜਿੱਥੇ ਵੱਡੀ ਗਿਣਤੀ ਵਿੱਚ ਡਾਕ ਵੋਟਾਂ ਹਨ, ਉੱਥੇ ਆਰ ਓ ਇਹ ਯਕੀਨੀ ਬਣਾਉਣ ਕਿ ਟੇਬਲ ਅਤੇ ਸਟਾਫ ਵੱਡੀ ਗਿਣਤੀ ਵਿੱਚ ਮੌਜੂਦ ਹੋਵੇ, ਤਾਂ ਜੋ ਕੋਈ ਦੇਰੀ ਨਾ ਹੋਵੇ ਅਤੇ ਗਿਣਤੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ। ਗਿਣਤੀ ਵਾਲੇ ਦਿਨ ਡਾਕ ਬੈਲਟ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੁੰਦੀ ਹੈ ਅਤੇ ਈ ਵੀ ਐੱਮ ਦੀ ਗਿਣਤੀ ਸਵੇਰੇ 8:30 ਵਜੇ ਸ਼ੁਰੂ ਹੁੰਦੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਪਹਿਲਾਂ ਜਾਰੀ ਹਦਾਇਤਾਂ ਮੁਤਾਬਕ ਈ ਵੀ ਐੱਮ ਦੀ ਗਿਣਤੀ ਸਿਧਾਂਤਕ ਤੌਰ ’ਤੇ ਡਾਕ ਬੈਲਟ ਦੀ ਗਿਣਤੀ ਦੇ ਪੜਾਅ ਦੀ ਪਰਵਾਹ ਕੀਤੇ ਬਿਨਾਂ ਜਾਰੀ ਰਹਿ ਸਕਦੀ ਹੈ ਅਤੇ ਡਾਕ ਬੈਲਟ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।




