ਮੈਨੂੰ ਡੱਕਣਾ ਸਰਕਾਰ ਲਈ ਮੁਸ਼ਕਲਾਂ ਵਧਾਏਗਾ : ਸੋਨਮ ਵਾਂਗਚੁੱਕ

0
123

ਲੇਹ : ਪੁਲਸ ਅਤੇ ਨੀਮ ਫੌਜੀ ਬਲਾਂ ਨੇ ਵੀਰਵਾਰ ਕਰਫਿਊ ਲਗਾਉਣ ਮਗਰੋਂ ਘੱਟੋ-ਘੱਟ 50 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬੁੱਧਵਾਰ ਹੋਈਆਂ ਵਿਆਪਕ ਝੜਪਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 80 ਤੋਂ ਵੱਧ ਜ਼ਖਮੀ ਹੋ ਗਏ ਸਨ। ਲੇਹ ਐਪਕਸ ਬਾਡੀ ਨੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਛੇਵੇਂ ਸ਼ਡਿਊਲ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਬੰਦ ਦਾ ਸੱਦਾ ਦਿੱਤਾ ਸੀ, ਜੋ ਮਗਰੋਂ ਹਿੰਸਾ, ਅਗਜ਼ਨੀ ਤੇ ਸੜਕਾਂ ’ਤੇ ਝੜਪਾਂ ’ਚ ਬਦਲ ਗਿਆ।
ਕਾਰਗਿਲ ਸਮੇਤ ਹੋਰ ਵੱਡੇ ਕਸਬਿਆਂ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਕਾਰਗਿਲ ਡੈਮੋਕਰੇਟਿਕ ਅਲਾਇੰਸ (ਕੇ ਡੀ ਏ) ਵੱਲੋਂ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ, ਜੋ ਉਪਰੋਕਤ ਮੰਗਾਂ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ’ਤੇ ਸਨ, ਦੀ ਹਮਾਇਤ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਵਾਂਗਚੁਕ ਨੇ ਲੇਹ ਸ਼ਹਿਰ ਵਿੱਚ ਤਿੱਖੀਆਂ ਝੜਪਾਂ ਤੋਂ ਬਾਅਦ ਆਪਣੀ ਭੁੱਖ ਹੜਤਾਲ ਵਾਪਸ ਲੈ ਲਈ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਵਿਚ ਤਿੰਨ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ ਤੇ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਿੰਸਾ ਪਿੱਛੇ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਤਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਕਾਰਗਿਲ, ਜ਼ਾਂਸਕਰ, ਨੁਬਰਾ, ਪਦਮ, ਚਾਂਗਤਾਂਗ, ਦਰਾਸ ਅਤੇ ਲਾਮਾਯੂਰੂ ਵਿੱਚ ਭਾਰੀ ਪੁਲਸ ਅਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।
ਇਸੇ ਦੌਰਾਨ ਵਾਂਗਚੁੱਕ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਹਿੰਸਾ ਦਾ ਦੋਸ਼ ਉਨ੍ਹਾ ’ਤੇ ਮੜ੍ਹ ਕੇ ਉਨ੍ਹਾ ਨੂੰ ਬਲੀ ਦਾ ਬਕਰਾ ਬਣਾ ਰਿਹਾ ਹੈ। ਉਨ੍ਹਾ ਖਬਰਦਾਰ ਕੀਤਾ ਕਿ ਉਨ੍ਹਾ ਨੂੰ ਅੰਦਰ ਕਰਨਾ ਸਰਕਾਰ ਲਈ ਹੋਰ ਮੁਸ਼ਕਲਾਂ ਪੈਦਾ ਕਰੇਗਾ। ਗ੍ਰਹਿ ਮੰਤਰਾਲੇ ਦੇ ਉਨ੍ਹਾ ਵਿਰੁੱਧ ਬਿਆਨ ’ਤੇ ਵਾਂਗਚੁੱਕ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਉਨ੍ਹਾ ਨੂੰ ਪਬਲਿਕ ਸੇਫਟੀ ਐਕਟ (ਪੀ ਐੱਸ ਏ) ਤਹਿਤ ਗਿ੍ਰਫਤਾਰ ਕਰ ਸਕਦੀ ਹੈ। ਵਾਂਗਚੁੱਕ ਨੇ ਕਿਹਾ, ‘ਮੈਂ ਦੇਖ ਰਿਹਾ ਹਾਂ ਕਿ ਉਹ ਮੈਨੂੰ ਪੀ ਐੱਸ ਏ ਤਹਿਤ ਫੜ ਕੇ ਦੋ ਸਾਲ ਲਈ ਜੇਲ੍ਹ ਵਿੱਚ ਸੁੱਟਣਾ ਚਾਹੁੰਦੇ ਹਨ। ਮੈਂ ਇਸ ਲਈ ਤਿਆਰ ਹਾਂ, ਪਰ ਜੇਲ੍ਹ ਵਿਚਲਾ ਵਾਂਗਚੁੱਕ ਉਨ੍ਹਾਂ ਲਈ ਆਜ਼ਾਦ ਵਾਂਗਚੁੱਕ ਨਾਲੋਂ ਵੱਧ ਮੁਸ਼ਕਲਾਂ ਪੈਦਾ ਕਰੇਗਾ। ਉਹ ਕਹਿੰਦੇ ਹਨ ਕਿ ਹਿੰਸਾ ਮੈਂ ਭੜਕਾਈ, ਕਾਂਗਰਸ ਨੇ ਭੜਕਾਈ। ਇਹ ਬਲੀ ਦਾ ਬਕਰਾ ਬਣਾਉਣ ਵਾਲੀ ਗੱਲ ਹੈ, ਨਾ ਕਿ ਸਮੱਸਿਆ ਨੂੰ ਹੱਲ ਕਰਨ ਵਾਲੀ ਅਤੇ ਇਹ ਸੋਚ ਸਾਨੂੰ ਤਣ-ਪੱਤਣ ਨਹੀਂ ਲਾਏਗੀ। ਉਹ ਚਲਾਕ ਬਣ ਕੇ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਸਕਦੇ ਹਨ, ਪਰ ਇਹ ਸਮਝਦਾਰੀ ਨਹੀਂ ਹੋਵੇਗੀ। ਇਸ ਵੇਲੇ ਚਲਾਕੀ ਨਾਲੋਂ ਵੱਧ ਸਿਆਣਪ ਦਿਖਾਉਣ ਦੀ ਲੋੜ ਹੈ, ਕਿਉਕਿ ਨੌਜਵਾਨ ਪਹਿਲਾਂ ਹੀ ਖਫ਼ਾ ਹਨ। ਨੌਜਵਾਨ ਬੇਰੁਜ਼ਗਾਰੀ ਅਤੇ ਹਰ ਪੱਧਰ ’ਤੇ ਵਾਅਦਾਖਿਲਾਫੀ ਕਾਰਨ ਛੇ ਸਾਲਾਂ ਤੋਂ ਦੁਖੀ ਹਨ।’