ਥਾਰ ਪਲਟਣ ਨਾਲ ਪੰਜ ਨੌਜਵਾਨਾਂ ਦੀ ਮੌਤ

0
112

ਗੁਰੂਗ੍ਰਾਮ : ਦਿੱਲੀ-ਗੁਰੂਗ੍ਰਾਮ ਐੱਕਸਪ੍ਰੈੱਸਵੇ ’ਤੇ ਝਾਰਸਾ ਐਗਜ਼ਿਟ ਨੇੜੇ ਸਨਿੱਚਰਵਾਰ ਤੜਕੇ ਸਾਢੇ ਚਾਰ ਵਜੇ ਥਾਰ ਡਿਵਾਈਡਰ ਨਾਲ ਟਕਰਾਅ ਕੇ ਪਲਟਣ ਨਾਲ ਤਿੰਨ ਕੁੜੀਆਂ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ। ਵੀਡੀਓ ਮੁਤਾਬਕ ਥਾਰ 100 ਕਿੱਲੋਮੀਟਰ ਦੀ ਸਪੀਡ ’ਤੇ ਸੀ।
ਪੁਲਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਦੋਸਤ ਸਨ ਤੇ ਸ਼ੁੱਕਰਵਾਰ ਰਾਤ 10 ਵਜੇ ਗੁਰੂਗ੍ਰਾਮ ਦੇ ਸਿਗਨੇਚਰ ਟਾਵਰ ਸਥਿਤ ਇਬੋਲਾ ਕਲੱਬ ਪਹੁੰਚੇ। ਪੰਜ ਤੋਂ ਛੇ ਘੰਟੇ ਉੱਥੇ ਰਹਿਣ ਤੋਂ ਬਾਅਦ ਕਲੱਬ ਤੋਂ ਪਰਤ ਰਹੇ ਸਨ। ਉਹ ਝਾਰਸਾ ਐਗਜ਼ਿਟ ’ਤੇ ਐੱਕਸਪ੍ਰੈੱਸਵੇ ਤੋਂ ਬਾਹਰ ਨਿਕਲ ਕੇ ਅੰਡਰਪਾਸ ਰਾਹੀਂ ਦਿੱਲੀ ਵੱਲ ਜਾਣ ਵਾਲੇ ਸਨ, ਪਰ ਤੇਜ਼ ਰਫ਼ਤਾਰ ਕਾਰਨ ਥਾਰ ਕੰਟਰੋਲ ਤੋਂ ਬਾਹਰ ਹੋ ਗਈ। ਮਿ੍ਰਤਕਾਂ ਦੀ ਪਛਾਣ ਪ੍ਰਤਿਸ਼ਠਾ ਮਿਸ਼ਰਾ (25), ਆਗਰਾ ਦੇ ਆਦਿਤਿਆ ਪ੍ਰਤਾਪ ਸਿੰਘ (30), ਆਗਰਾ ਦੀ ਹੀ ਲਾਵਣਿਆ (26) ਸੋਨੀਪਤ ਦੇ ਗੌਤਮ (31) ਤੇ ਦਿੱਲੀ ਦੀ ਆਦਿਤੀ ਸੋਨੀ (25) ਵਜੋਂ ਹੋਈ ਹੈ। ਪ੍ਰਤਿਸ਼ਠਾ ਬਰੇਲੀ ਦੇ ਜੱਜ ਚੰਦਰਮਣੀ ਮਿਸ਼ਰਾ ਦੀ ਧੀ ਸੀ। ਪ੍ਰਤਿਸ਼ਠਾ ਤੇ ਲਾਵਣਿਆ ਨੋਇਡਾ ਦੇ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੀਆਂ ਸਨ। ਲਾਵਣਿਆ ਦੇ ਪਿਤਾ ਆਈ ਟੀ ਬੀ ਪੀ ਵਿੱਚ ਇੰਸਪੈਕਟਰ ਹਨ ਅਤੇ ਸਿੱਕਮ ਵਿੱਚ ਤਾਇਨਾਤ ਹਨ। ਆਦਿਤਿਆ ਨੋਇਡਾ ਵਿੱਚ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ, ਅਤੇ ਉਸ ਦੇ ਪਿਤਾ ਆਗਰਾ ’ਚ ਸਟੈਨੋਗ੍ਰਾਫਰ ਹਨ। ਗੌਤਮ ਇੰਜੀਨੀਅਰ ਸੀ ਅਤੇ ਨੋਇਡਾ ਵਿੱਚ ਸੈਮਸੰਗ ਵਿੱਚ ਕੰਮ ਕਰਦਾ ਸੀ। ਕਪਿਲ ਦੇ ਪਿਤਾ ਯੂ ਪੀ ਪੁਲਸ ਵਿੱਚ ਸਬ-ਇੰਸਪੈਕਟਰ ਹਨ।
ਆਦਿਤੀ ਸੋਨੀ ਦਿੱਲੀ ਦੇ ਕਾਲਕਾਜੀ ਇਲਾਕੇ ਦੇ ਇੱਕ ਕਾਲਜ ਵਿੱਚ ਬੀ ਏ ਦੂਜੇ ਸਾਲ ਦੀ ਵਿਦਿਆਰਥਣ ਸੀ ਤੇ ਉਸ ਦੇ ਪਿਤਾ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ।