ਅਰਸ਼ੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਬਣਨ ’ਤੇ ਵਧਾਈਆਂ

0
129

ਮਾਨਸਾ (ਆਤਮਾ ਸਿੰਘ ਪਮਾਰ)
ਭਾਰਤੀ ਕਮਿਊਨਿਸਟ ਪਾਰਟੀ ਦੇ ਚੰਡੀਗੜ੍ਹ ’ਚ ਆਯੋਜਿਤ 25 ਵੇਂ ਮਹਾਂ-ਸੰਮੇਲਨ ’ਚ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਚੁਣੇ ਗਏ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪਾਰਟੀ ਦੀ ਪੰਜਾਬ ਇਕਾਈ ਨੇ ਬਾਵਜੂਦ ਆਰਥਕ, ਸਮਾਜਿਕ ਚੁਣੌਤੀਆਂ ਮਹਾਂ-ਸੰੰੰੰੰਮੇਲਨ ਦੇ ਸ਼ਾਨਦਾਰ ਆਯੋਜਨ ’ਚ ਸਫਲ ਭੂਮਿਕਾ ਨਿਭਾਈ। ਇਸ ਲਈ ਪਾਰਟੀ ਲੀਡਰਸ਼ਿਪ ਤੇ ਸਮੁੱਚੇ ਵਰਕਰਾਂ ਦਾ ਹਰ ਪੱਖੋਂ ਸਹਿਯੋਗ ਲਈ ਧੰਨਵਾਦ ਹੈ। ਪਾਰਟੀ ਕਾਂਗਰਸ ’ਚ ਫਾਸ਼ੀਵਾਦੀ ਤਾਕਤਾਂ ਨੂੰ ਭਾਂਜ ਦੇਣ, ਧਰਮ ਨਿਰਪੱਖਤਾ, ਸੰਵਿਧਾਨ, ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ਦੀ ਰਾਖੀ ਦਾ ਅਹਿਦ ਲਿਆ ਗਿਆ। ਸਾਥੀ ਅਰਸ਼ੀ ਨੇ ਕਿਹਾ ਕਿ 25 ਵੇਂ ਮਹਾਂ-ਸੰਮੇਲਨ ਦਾ ਇਸ ਕਰਕੇ ਵਧੇਰੇ ਮਹੱਤਵ ਹੈ ਕਿ ਇਹ ਵਰ੍ਹਾ ਪਾਰਟੀ ਦਾ ਸ਼ਤਾਬਦੀ ਸਾਲ ਹੈ। ਉਹਨਾ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਦੇਸ਼ ਭਗਤਾਂ, ਸੂਰਬੀਰ ਯੋਧਿਆ ਦੀ ਧਰਤੀ ਹੈ, ਜਿਸ ਲਈ ਪਾਰਟੀ ਕਾਂਗਰਸ ਦੀ ਸਫਲਤਾ ਲਈ ਹਰ ਵਰਗ ਤੇ ਕਿਰਤੀ ਲੋਕਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ। ਉਹਨਾ ਕਿਹਾ ਕਿ ਦੇਸ਼ ਵਰਤਮਾਨ ਸਮੇਂ ਦੌਰਾਨ ਭਾਰੀ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ। ਭਾਜਪਾ ਤੇ ਆਰ ਐੱਸ ਐੱਸ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਹਿਸ-ਨਹਿਸ਼ ਕਰਕੇ ਫਾਸ਼ੀਵਾਦ ਵੱਲ ਵਧ ਰਹੇ ਹਨ।ਭਾਰਤੀ ਸੰਵਿਧਾਨ, ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ਅਤੇ ਧਰਮਨਿਰਪੱਖਤਾ ਨੂੰ ਖਤਮ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ, ਜਿਸ ਦੀ ਰਾਖੀ ਲਈ ਖੱਬੀ ਏਕਤਾ ਦਾ ਸੱਦਾ ਦਿੱਤਾ ਗਿਆ ਹੈ। ਕਾਂਗਰਸ ਦੌਰਾਨ ਸਿੱਖ ਧਰਮ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਵੇਂ ਸਾਲ ਮੌਕੇ ਯਾਦ ਕਰਦਿਆਂ ਉਹਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੀ ਰਾਖੀ, ਬੇਇਨਸਾਫ਼ੀ ਤੇ ਜ਼ੁਲਮ ਖਿਲਾਫ ਲੜਾਈ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਤੇ ਉਹਨਾ ਦੇ ਦੱਸੇ ਮਾਰਗ ’ਤੇ ਚੱਲਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੁੱਚੇ ਲੋਕਾਂ ਨੂੰ ਰਿਹਾਅ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ ਆਦਿ ਅਨੇਕਾਂ ਮਤੇ ਪਾਸ ਕੀਤੇ ਗਏ।ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਮੁਹਾਲੀ ਰੈਲੀ ਦੀ ਰਿਕਾਰਡ ਤੋੜ ਸਫਲਤਾ ਲਈ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ, ਵਰਕਰਾਂ ਤੇ ਹਮਦਰਦਾਂ ਦਾ ਧੰਨਵਾਦ ਕੀਤਾ, ਕਿਉਕਿ ਉਹਨਾਂ ਦੀ ਮਿਹਨਤ ਸਦਕਾ ਜ਼ਿਲੇ੍ਹ ਵਿੱਚੋਂ ਇੱਕ ਹਜ਼ਾਰ ਤੋਂ ਜ਼ਿਆਦਾ ਸਾਥੀਆਂ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ। ਉਹਨਾ ਖੁਸ਼ੀ ਜ਼ਾਹਰ ਕਰਦਿਆਂ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਵਜੋਂ ਸਰਬਸੰਮਤੀ ਨਾਲ ਚੁਣੇ ਜਾਣ ਲਈ ਉਹਨਾ ਨੂੰ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਇਕਾਈ ਦੀ ਕਾਂਗਰਸ ਨਾ ਹੋਣ ਕਾਰਨ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।ਅੰਤ ਵਿੱਚ ਕਮਿਊਨਿਸਟ ਆਗੂਆਂ ਨੇ ਡੀ. ਰਾਜਾ ਨੂੰ ਮੁੜ ਕੌਮੀ ਜਨਰਲ ਸਕੱਤਰ ਤੇ ਹਰਦੇਵ ਸਿੰਘ ਅਰਸ਼ੀ ਨੂੰ ਮੈਂਬਰ ਕੰਟਰੋਲ ਕਮਿਸ਼ਨ ਚੁਣਨ ’ਤੇ ਇਨਕਲਾਬੀ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।ਇਸ ਮੌਕੇ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਵੇਦ ਪ੍ਰਕਾਸ਼ ਬੁਢਲਾਡਾ, ਜਗਸੀਰ ਸਿੰਘ ਰਾਏਕੇ, ਜਗਤਾਰ ਕਾਲਾ, ਰਤਨ ਭੋਲਾ, ਕਰਨੈਲ ਭੀਖੀ ਆਦਿ ਆਗੂ ਮੌਜੂਦ ਸਨ।