ਜਲੰਧਰ (ਸ਼ੈਲੀ ਐਲਬਰਟ, ਰਾਜੇਸ਼ ਥਾਪਾ, ਇਕਬਾਲ ਉਭੀ, ਸੁਰਿੰਦਰ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਸੂਬੇ ਵਿੱਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ।ਪੰਜਾਬ ਹਾਕੀ ਲੀਗ 2025 ਦੇ ਫਾਈਨਲ ਮੈਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪਹਿਲੀ ਜੂਨੀਅਰ ਹਾਕੀ ਲੀਗ ਪੰਜਾਬ ਹਾਕੀ ਅਤੇ ਰਾਊਂਡ ਗਲਾਸ ਅਕਾਦਮੀ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਇਹ ਹਾਕੀ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੀ ਲੀਗ ਹੈ। ਮਾਨ ਨੇ ਕਿਹਾ ਕਿ ਇਹ ਲੀਗ ਮੁਹਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਦੇ ਫਾਈਨਲ ਜਲੰਧਰ ਵਿੱਚ ਖੇਡੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਲਈ ਤਾਂ ਵੱਖ-ਵੱਖ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਦੇਸ਼ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਉਨ੍ਹਾ ਕਿਹਾ ਕਿ ਇਹ ਇੱਕ ਯਾਦਗਾਰੀ ਮੌਕਾ ਹੈ, ਕਿਉਕਿ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ, ਪੰਜਾਬ ਦੇ ਮਹਾਨ ਹਾਕੀ ਖਿਡਾਰੀ, ਜਿਨ੍ਹਾਂ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ, ਇਕੱਠੇ ਹੋਏ ਹਨ। ਪ੍ਰਦਰਸ਼ਨੀ ਮੈਚ ਵਿੱਚ ਲੈਜੈਂਡ ਇਲੈਵਨ ਦਾ ਸਟਾਰ ਇਲੈਵਨ ਨਾਲ ਮੁਕਾਬਲਾ ਹੋਇਆ। ਉਨ੍ਹਾ ਕਿਹਾ ਕਿ ਲੈਜੈਂਡ ਇਲੈਵਨ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਗਗਨ ਅਜੀਤ ਸਿੰਘ ਕਰ ਰਹੇ ਸਨ, ਜੋ ਇਸ ਸਮੇਂ ਮਾਲੇਰਕੋਟਲਾ ਦੇ ਐੱਸ ਐੱਸ ਪੀ ਹਨ, ਜਦੋਂ ਕਿ ਸਟਾਰ ਇਲੈਵਨ ਦੀ ਅਗਵਾਈ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬੇ ਦੇ ਪਿੰਡਾਂ ਵਿੱਚ 3000 ਤੋਂ ਵੱਧ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਹੀ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀਆਂ ਹਨ, ਜਿਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਮਾਨ ਨੇ ਕਿਹਾ ਕਿ ਜਲੰਧਰ ਦੇ ਬਰਲਟਨ ਪਾਰਕ ਨੂੰ ਪਹਿਲਾਂ ਹੀ ਇੱਕ ਖੇਡ ਧੁਰੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਹੁਣ ਅੰਮਿ੍ਰਤਸਰ ਵਿਖੇ ਵੀ ਵਿਸ਼ਵ ਪੱਧਰੀ ਖੇਡ ਕੇਂਦਰ ਵਿਕਸਤ ਕੀਤਾ ਜਾਵੇਗਾ।ਇਸ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ, ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਹੋਰਨਾਂ ਨੇ ਚੜ੍ਹਦੀ ਕਲਾ ਮਿਸ਼ਨ ਵਿੱਚ ਯੋਗਦਾਨ ਵਜੋਂ ਮੁੱਖ ਮੰਤਰੀ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੱਖ-ਵੱਖ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਉਲੰਪੀਅਨਾਂ ਦਾ ਸਨਮਾਨ ਵੀ ਕੀਤਾ।





