ਨਵੀਂ ਦਿੱਲੀ : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪੋਜ਼ੀਸ਼ਨ ਨੂੰ ਇਕਜੁਟ ਕਰਨ ਦੇ ਜਤਨਾਂ ਦਰਮਿਆਨ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਲੋਕਾਂ ਨੂੰ ਕੇਂਦਰ ਸਰਕਾਰ ਖਿਲਾਫ ਇਕਜੁਟ ਹੋਣ ਦਾ ਸੱਦਾ ਦਿੱਤਾ ਹੈ। ਇਥੇ ਤਾਲਕਟੋਰਾ ਸਟੇਡੀਅਮ ਵਿਚ ਪਾਰਟੀ ਦੇ ਦੋ ਦਿਨਾ ਕੌਮੀ ਅਜਲਾਸ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾਕੇਂਦਰ ਦੀ ਮੌਜੂਦਾ ਸਰਕਾਰ ਅੱਗੇ ਅਸੀਂ ਨਹੀਂ ਝੁਕਾਂਗੇ।
ਸ਼ਿਵਾਜੀ ਦੇ ਹਵਾਲੇ ਨਾਲ ਪਵਾਰ ਨੇ ਕਿਹਾਸ਼ਿਵਾਜੀ ਨੇ ਕਿਹਾ ਸੀ ਕਿ ਦਿੱਲੀ ਦੀ ਗੱਦੀ ਦੇ ਅੱਗੇ ਨਹੀਂ ਝੁਕਾਂਗੇ। ਅੱਜ ਅਜਿਹੇ ਹੀ ਮਾਹੌਲ ਵਿਚ ਅਸੀਂ ਇਥੇ ਇਕੱਠੇ ਹੋਏ ਹਾਂ। ਪਹਿਲਾਂ ਵੀ ਮਰਾਠਾ ਲੋਕਾਂ ਨੇ ਦਿੱਲੀ ਨੂੰ ਵੰਗਾਰਿਆ ਹੈ ਤੇ ਫਿਰ ਵੰਗਾਰਨ ਲਈ ਤਿਆਰ ਹਨ।
ਪਵਾਰ ਨੇ ਅੱਗੇ ਕਿਹਾਪਾਕਿਸਤਾਨ ਤੇ ਸ੍ਰੀਲੰਕਾ ਨੇ ਤਾਨਾਸ਼ਾਹੀ ਦੇਖੀ, ਉਥੇ ਜਮਹੂਰੀਅਤ ਚੰਦ ਲੋਕਾਂ ਦੇ ਹੱਥ ਵਿਚ ਆ ਗਈ। ਸਾਡਾ ਦੇਸ਼ 56 ਫੀਸਦੀ ਖੇਤੀ ਅਧਾਰਤ ਹੈ। ਸਾਨੂੰ ਕਿਸਾਨਾਂ ’ਤੇ ਮਾਣ ਹੈ। ਕੇਂਦਰ ਨੇ ਤਿੰਨ ਖੇਤੀ ਕਾਨੂੰਨ 15 ਮਿੰਟਾਂ ਵਿਚ ਪਾਸ ਕਰਵਾ ਲਏ। ਇਨ੍ਹਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਇਕ ਸਾਲ ਤੱਕ ਬੈਠੇ ਰਹੇ। ਪਹਿਲਾਂ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੇ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਪਰ ਅੰਤ ਨੂੰ ਉਸ ਨੂੰ ਝੁਕਣਾ ਪਿਆ। ਸਾਡੀ ਪਾਰਟੀ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਹਮੇਸ਼ਾ ਕਰਾਂਗੇ। ਕੁਝ ਫਿਰਕੂ ਤੱਤ ਹਾਲਾਤ ਖਰਾਬ ਕਰ ਰਹੇ ਹਨ। ਘੱਟ ਗਿਣਤੀ ਭਾਈਚਾਰੇ ਵਿਚ ਭੈਅ ਪੈਦਾ ਕਰ ਰਹੇ ਹਨ, ਇਸ ਲਈ ਸਾਨੂੰ ਸਦਭਾਵਨਾ ਪੈਦਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਪਵਾਰ ਨੇ ਕਿਹਾ15 ਅਗਸਤ ਨੂੰ ਲਾਲ ਕਿਲੇ੍ਹ ਤੋਂ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਭਾਸ਼ਣ ਦਿੱਤਾ ਤੇ ਦੂਜੇ ਦਿਨ ਗੁਜਰਾਤ ਦੀ ਭਾਜਪਾ ਸਰਕਾਰ ਨੇ ਬਿਲਕਿਸ ਬਾਨੋ ਦੇ ਅਪਰਾਧੀਆਂ ਨੂੰ ਮੁਆਫੀ ਦੇ ਕੇ ਰਿਹਾਅ ਕਰ ਦਿੱਤਾ।
ਐੱਨ ਸੀ ਪੀ ਪ੍ਰਧਾਨ ਨੇ ਕਿਹਾਦੇਸ਼ ਵਿਚ ਮਹਿੰਗਾਈ ਇਕ ਅਹਿਮ ਮੁੱਦਾ ਹੈ। ਹਾਲਾਤ ਬਹੁਤ ਖਰਾਬ ਹਨ। ਅੱਜ ਆਮ ਲੋਕ ਪ੍ਰੇਸ਼ਾਨ ਹਨ। ਦੇਸ਼ ਦੀ ਸੁਰੱਖਿਆ ਵੀ ਇਕ ਗੰਭੀਰ ਮੁੱਦਾ ਬਣ ਗਿਆ ਹੈ। ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਖਰਾਬ ਹਨ। ਚੀਨ ਨੇ 2019 ਵਿਚ ਝਗੜੇ ਵਾਲੇ ਇਲਾਕੇ ’ਚ ਕੁਝ ਬਣਾਇਆ ਹੈ। ਦੇਪਸਾਂਗ ਤੇ ਡੇਮਚੌਕ ਚੀਨੀ ਕਬਜ਼ੇ ਵਿਚ ਹਨ। ਫੌਜ ਦੇ ਇਕ ਸੂਤਰ ਨੇ ਦੱਸਿਆ ਹੈ ਕਿ ਚੀਨ ਨਾਲ ਗੱਲਬਾਤ ਵਿਚ ਅਸੀਂ ਪੁਰਾਣੀ ਥਾਂ ਨਹੀਂ ਜਾ ਸਕੇ। ਪ੍ਰਧਾਨ ਮੰਤਰੀ ਨੇ ਚੀਨ ਬਾਰੇ ਦੇਸ਼ ਨੂੰ ਗੁੰਮਰਾਹ ਕੀਤਾ ਹੈ।
ਪਵਾਰ ਨੇ ਕਿਹਾਚੀਨ ਦੀ ਤੁਲਨਾ ਵਿਚ ਸਾਡਾ ਬੁਨਿਆਦੀ ਢਾਂਚਾ ਕਮਜ਼ੋਰ ਹੈ। ਚੀਨੀ ਜਾਸੂਸੀ ਜਹਾਜ਼ ਸ੍ਰੀਲੰਕਾ ਚਲਿਆ ਆਉਦਾ ਹੈ। ਸਰਕਾਰ ਦੀ ਬੇਹਰਕਤੀ ਦੇ ਖਿਲਾਫ ਸਮੂਹਕ ਆਵਾਜ਼ ਉਠਾਉਣ ਦੀ ਲੋੜ ਹੈ।
ਅੱਠਵੇਂ ਕੌਮੀ ਅਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਫੁਲ ਪਟੇਲ ਨੇ ਕਿਹਾਸਾਰੀਆਂ ਪਾਰਟੀਆਂ ਦੇ ਆਗੂ ਅੱਜ ਸ਼ਰਦ ਪਵਾਰ ਕੋਲ ਮਾਰਗ-ਦਰਸ਼ਨ ਲਈ ਆਉਦੇ ਹਨ। ਚਾਹੇ ਨਿਤੀਸ਼ ਹੋਣ ਜਾਂ ਮਮਤਾ ਜਾਂ ਲੈੱਫਟ ਤੇ ਕਾਂਗਰਸ ਦੇ ਆਗੂ ਹੋਣ। ਅਗਲੇ ਕੁਝ ਮਹੀਨਿਆਂ ਵਿਚ ਗੁਜਰਾਤ ’ਚ ਚੋਣਾਂ ਹੋਣ ਵਾਲੀਆਂ ਹਨ। ਲੋਕ ਸਭਾ ਚੋਣਾਂ ਵੀ ਆਉਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਜਪਾ ਖਿਲਾਫ ਲੋਕਾਂ ਨੇ ਮਨ ਬਣਾ ਲਿਆ ਹੈ। ਲੋਕਾਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਅਨੈਤਿਕ ਢੰਗ ਨਾਲ ਮਹਾਰਾਸ਼ਟਰ ਦੀ ਸਰਕਾਰ ਡੇਗੀ ਗਈ।