ਚੰਡੀਗੜ੍ਹ : ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਸੰਬੰਧੀ ਦਿੱਤੀ ਚਿਤਾਵਨੀ ਦੇ ਮੱਦੇਨਜ਼ਰ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਐਤਵਾਰ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ | ਫਲੱਡ ਗੇਟ ਖੋਲ੍ਹਣ ਦੇ ਨਾਲ ਹੀ ਦੋਵਾਂ ਡੈਮਾਂ ਵਿੱਚੋਂ ਸਤਲੁਜ ਤੇ ਬਿਆਸ ਦਰਿਆ ਵਿੱਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ | ਦੋਵਾਂ ਦਰਿਆਵਾਂ ਵਿੱਚ ਪਾਣੀ ਵਧਣ ਕਰਕੇ ਸਤਲੁਜ ਅਤੇ ਬਿਆਸ ਕੰਢੇ ਰਹਿਣ ਵਾਲੇ ਲੋਕ ਸਹਿਮ ਗਏ ਹਨ, ਜੋ ਪਹਿਲਾਂ ਹੀ ਹੜ੍ਹਾਂ ਕਰਕੇ ਹੋਏ ਖ਼ਰਾਬੇ ਤੋਂ ਉੱਭਰ ਨਹੀਂ ਸਕੇ ਹਨ | ਉਨ੍ਹਾਂ ਨੂੰ ਮੁੜ ਤੋਂ ਹੜ੍ਹਾਂ ਦਾ ਖ਼ਤਰਾ ਸਤਾਉਣ ਲੱਗ ਪਿਆ ਹੈ | ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਕੰਢੇ ਸਥਿਤ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ | ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੁਪਹਿਰ 12 ਵਜੇ ਬੀ ਬੀ ਐੱਮ ਬੀ ਵੱਲੋਂ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ | ਇਸ ਤੋਂ ਪਹਿਲਾਂ ਭਾਖੜਾ ਡੈਮ ਵਿੱਚੋਂ 36 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀ, ਜਦੋਂ ਕਿ ਇਸ ਵਿੱਚ 7 ਹਜ਼ਾਰ ਕਿਊਸਕ ਦਾ ਵਾਧਾ ਕੀਤਾ ਗਿਆ | ਇਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672.31 ਫੁੱਟ ਹੈ, ਜੋ ਖਤਰੇ ਦੇ ਨਿਸ਼ਾਨ ਤੋਂ 7.69 ਫੁੱਟ ਹੇਠਾਂ ਹੈ | ਭਾਖੜਾ ਡੈਮ ਵਿੱਚੋਂ ਸਤਲੁਜ ਵਿੱਚ ਪਾਣੀ ਛੱਡੇ ਜਾਣ ਕਰਕੇ ਪਿੰਡ ਬੇਲਾ ਧਿਆਨੀ, ਭਨਾਮ, ਹਰਸਾ ਬੇਲਾ, ਪੱਤੀ ਦੁਲਚੀ ਸਣੇ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ | ਇਸ ਦੌਰਾਨ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਮੁੜ ਪਾਣੀ ਵਿੱਚ ਡੁੱਬ ਗਈ ਹੈ | ਦੂਜੇ ਪਾਸੇ ਪੌਂਗ ਡੈਮ ਵਿੱਚੋਂ ਸਵੇਰ ਸਮੇਂ ਪਾਣੀ 17 ਹਜ਼ਾਰ ਕਿਊਸਕ ਛੱਡਿਆ ਜਾ ਰਿਹਾ ਸੀ ਪਰ ਮੌਸਮ ਵਿਭਾਗ ਦੀ ਚਿਤਾਵਨੀ ਨੂੂੰ ਵੇਖਦਿਆਂ ਸ਼ਾਮ 5 ਵਜੇ 49 ਹਜ਼ਾਰ ਕਿਊਸਕ ਛੱਡਿਆ ਗਿਆ | ਇਸ ਸਮੇਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1388.02 ਫੁੱਟ ਦਰਜ ਕੀਤਾ ਗਿਆ ਹੈ | ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਰਕੇ ਬਿਆਸ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ |
ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚੋਂ ਸ਼ਾਮ 5 ਵਜੇ ਦੇ ਕਰੀਬ ਪਾਣੀ 33 ਹਜ਼ਾਰ ਕਿਊਸਕ ਛੱਡਿਆ ਗਿਆ, ਜਦੋਂ ਕਿ ਪਾਣੀ ਦੀ ਆਮਦ ਸਿਰਫ਼ 565 ਕਿਊਸਕ ਹੋ ਰਹੀ ਹੈ | ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਉੱਤਰ ਭਾਰਤ ਦੇ ਕੁਝ ਹਿੱਸਿਆ ਵਿੱਚ 5 ਤੋਂ 7 ਅਕਤੂਬਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ | ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 5 ਤੇ 6 ਅਕਤੂਬਰ ਲਈ ਓਰੈਂਜ ਜਦ ਕਿ 7 ਅਕਤੂਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ | ਗੁਆਂਢੀ ਸੂਬੇ ਹਰਿਆਣਾ ਵਿੱਚ 6 ਅਕਤੂਬਰ ਨੂੰ ਓਰੈਂਜ ਅਤੇ 5 ਤੇ 7 ਅਕਤੂਬਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪਵੇਗਾ |



