ਬਿਹਾਰ ਵਿਧਾਨ ਸਭਾ ਚੋਣਾਂ ਦੋ ਗੇੜਾਂ ‘ਚ

0
128

ਤਰਨ ਤਾਰਨ ਜ਼ਿਮਨੀ ਚੋਣ ਵੀ 11 ਨਵੰਬਰ ਨੂੰ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ | ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਚੋਣਾਂ ਦਾ ਪਹਿਲਾ ਗੇੜ 6 ਨਵੰਬਰ ਤੇ ਦੂਜਾ ਗੇੜ 11 ਨਵੰਬਰ ਨੂੰ ਹੋਵੇਗਾ | ਪਹਿਲੇ ਗੇੜ ਵਿੱਚ 121 ਤੇ ਦੂਜੇ ਗੇੜ ‘ਚ 122 ਸੀਟਾਂ ਲਈ ਵੋਟਾਂ ਪੈਣਗੀਆਂ | ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ | ਗਿਣਤੀ ਦੇ ਆਖਰੀ ਦੋ ਗੇੜਾਂ ਤੋਂ ਪਹਿਲਾਂ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਪੂਰੀ ਕੀਤੀ ਜਾਵੇਗੀ | ਬਿਹਾਰ ਵਿੱਚ ਸੱਤਾ ‘ਚ ਭਾਈਵਾਲ ਭਾਜਪਾ ਨੇ ਇੱਕ ਜਾਂ ਦੋ ਗੇੜਾਂ ‘ਚ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ | 2010 ਵਿੱਚ ਛੇ ਗੇੜਾਂ, 2015 ਵਿੱਚ ਪੰਜ ਗੇੜਾਂ ਤੇ 2020 ਵਿੱਚ ਤਿੰਨ ਗੇੜਾਂ ਵਿੱਚ ਵੋਟਾਂ ਪਈਆਂ ਸਨ | ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ 14 ਲੱਖ ਨਵੇਂ ਵੋਟਰਾਂ ਸਮੇਤ 7.42 ਕਰੋੜ ਵਿਅਕਤੀ ਵੋਟ ਪਾਉਣ ਦੇ ਯੋਗ ਹਨ | 14 ਲੱਖ ਵਿਅਕਤੀ ਪਹਿਲੀ ਵਾਰ ਵੋਟ ਪਾਉਣ ਵਾਲੇ ਅਤੇ 4 ਲੱਖ ਸੀਨੀਅਰ ਸਿਟੀਜ਼ਨ ਵੋਟਰ ਹਨ | ਘੱਟੋ-ਘੱਟ 14,000 ਵੋਟਰਾਂ ਦੀ ਉਮਰ 100 ਸਾਲ ਤੋਂ ਵੱਧ ਹੈ |
ਮੁੁੱਖ ਚੋਣ ਕਮਿਸ਼ਨਰ ਨੇ ਐਲਾਨ ਕੀਤਾ ਕਿ ਪੰਜਾਬ ਦੀ ਤਰਨ ਤਾਰਨ ਸੀਟ ਸਣੇ ਜੰਮੂ-ਕਸ਼ਮੀਰ, ਰਾਜਸਥਾਨ, ਓਡੀਸ਼ਾ, ਝਾਰਖੰਡ, ਮਿਜ਼ੋਰਮ ਤੇ ਤਿਲੰਗਾਨਾ ‘ਚ ਖਾਲੀ ਪਈਆਂ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਲਈ ਵੋਟਾਂ 11 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ |
ਆਮ ਆਦਮੀ ਪਾਰਟੀ ਨੇ ਬਿਹਾਰ ਦੀਆਂ ਸਾਰੀਆਂ 243 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕਰਦਿਆਂ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ | ‘ਆਪ’ ਦੇ ਸੂਬਾ ਇੰਚਾਰਜ ਅਜੇਸ਼ ਯਾਦਵ ਨੇ ਕਿਹਾ ਕਿ ਪਾਰਟੀ ਨੂੰ ਦਿੱਲੀ ਤੇ ਪੰਜਾਬ ਵਿੱਚ ਆਪਣੀ ਸਰਕਾਰ ਦੇ ਮਾਡਲ ਨੂੰ ਬਿਹਾਰ ਵਿੱਚ ਵੀ ਦੁਹਰਾਉਣ ਦਾ ਭਰੋਸਾ ਹੈ |