‘ਮੋਦੀ ਤੇ ਸੰਘ ਵੱਲੋਂ ਪੈਦਾ ਕੀਤੇ ਨਫਰਤੀ ਮਾਹੌਲ ਦਾ ਨਤੀਜਾ’

0
117

ਨਵੀਂ ਦਿੱਲੀ : ਆਪੋਜ਼ੀਸ਼ਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਆਰ ਐੱਸ ਐੱਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਫਰਤ ਦਾ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਵਕੀਲ ਨੇ ਚੀਫ ਜਸਟਿਸ ਵੱਲ ਜੁੱਤੀ ਸੁੱਟਣ ਦੀ ਹਿਮਾਕਤ ਕਰ ਦਿਖਾਈ ਹੈ | ਸੋਨੀਆ ਗਾਂਧੀ ਨੇ ਕਿਹਾ ਕਿ ਇਹ ਚੀਫ ਜਸਟਿਸ ‘ਤੇ ਹੀ ਨਹੀਂ, ਸੰਵਿਧਾਨ ‘ਤੇ ਵੀ ਹਮਲਾ ਹੈ | ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਇਹ ਚਿੰਤਾਜਨਕ ਘਟਨਾ ਸੰਘ ਪਰਵਾਰ ਵੱਲੋਂ ਫੈਲਾਈ ਨਫਰਤ ਦਾ ਨਤੀਜਾ ਹੈ | ਇਸ ਨੂੰ ਕਿਸੇ ਇੱਕ ਵਿਅਕਤੀ ਦਾ ਕਾਰਾ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰ ਸਕਦੇ | ਕਾਂਗਰਸ ਵਰਕਿੰਗ ਕਮੇਟੀ ਦੀ ਮੈਂਬਰ ਸੁਪਿ੍ਆ ਸ਼੍ਰੀਨੇਤ ਨੇ ਕਿਹਾ ਕਿ ਇਹ ਹਮਲਾ ਸਿਆਸੀ ਤੇ ਸਮਾਜੀ ਵਿਗਾੜ ਦਾ ਨਤੀਜਾ ਹੈ | ਤਿ੍ਣਮੂਲ ਕਾਂਗਰਸ ਦੀ ਰਾਜ ਸਭਾ ਵਿੱਚ ਡਿਪਟੀ ਲੀਡਰ ਸਾਗਰਿਕਾ ਘੋਸ਼ ਨੇ ਕਿਹਾ ਕਿ ਇਹ ਹਮਲਾ ਆਨਲਾਈਨ ਬਿਆਨਬਾਜ਼ੀ ਤੇ ਆਫਲਾਈਨ ਹਿੰਸਾ ਵਿਚਾਲੇ ਕੁਨੈਕਸ਼ਨ ਨੂੰ ਦਰਸਾਉਂਦਾ ਹੈ | ਕਾਂਗਰਸ ਸਾਂਸਦ ਮਨੀਕਮ ਟੈਗੋਰ ਨੇ ਕਿਹਾ ਕਿ ਇਹ ਸੰਘ ਦੇ ਨਫਰਤੀ ਜ਼ਹਿਰ ਫੈਲਾਉਣ ਦੇ 100 ਸਾਲਾਂ ਦਾ ਨਤੀਜਾ ਹੈ | ਕਾਂਗਰਸ ਸਾਂਸਦ ਇਮਰਾਨ ਮਸੂਦ ਨੇ ਇਸ ਨੂੰ ਕਾਲਾ ਦਿਨ ਦੱਸਿਆ ਹੈ | ਇਨ੍ਹਾਂ ਲੋਕਾਂ ਨੂੰ ਦਲਿਤ ਦਾ ਚੀਫ ਜਸਟਿਸ ਬਣਨਾ ਮਨਜ਼ੂਰ ਨਹੀਂ |