ਗੈਰ-ਕਾਨੂੰਨੀ ਮਾਈਨਿੰਗ ਨੂੰ ਸਖਤੀ ਨਾਲ ਰੋਕਿਆ ਜਾਵੇ : ਰਾਜਪਾਲ

0
282

ਗੁਰਦਾਸਪੁਰ/ਪਠਾਨਕੋਟ (ਜਨਕ ਮਹਾਜਨ/ਦਵਿੰਦਰ ਸਿੰਘ)-ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੋਮਵਾਰ ਇਥੇ ਪਿੰਡਾਂ ਦੇ ਸਰਪੰਚਾਂ ਅਤੇ ਸਰਹੱਦੀ ਇਲਾਕਿਆਂ ’ਚ ਰਹਿ ਰਹੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੇ ਜੋ 6 ਸਰਹੱਦੀ ਜ਼ਿਲ੍ਹੇ ਹਨ, ਉਹ ਉਨ੍ਹਾਂ ਦੇ ਦੌਰੇ ’ਤੇ ਹਨ ਜਦਕਿ ਗੁਰਦਾਸਪੁਰ ’ਚ ਉਨ੍ਹਾ ਦੀ ਤੀਸਰੀ ਫੇਰੀ ਹੈ। ਉਨ੍ਹਾ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ’ਚ ਜੋ ਨਾਜਾਇਜ਼ ਮਾਈਨਿੰਗ ਨਾਲ ਦੇਸ਼ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ। ਹੁਣ ਤਾਂ ਫੌਜ ਵੀ ਸਵਾਲ ਚੁੱਕ ਰਹੀ ਹੈ ਕਿ ਇਸ ਮਾਈਨਿੰਗ ਨਾਲ ਸਰਹੱਦ ’ਤੇ ਉਨ੍ਹਾਂ ਦੇ ਬੰਕਰ ਵੀ ਰੁੜ੍ਹ ਰਹੇ ਹਨ ਅਤੇ ਸਰਹੱਦੀ ਇਲਾਕੇ ਦੀ ਸੜਕੀ ਆਵਾਜਾਈ ਲਈ ਵੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ ਜੀ ਪੀ ਨੂੰ ਨਿਰਦੇਸ਼ ਦੇ ਰਹੇ ਹਨ ਕਿ ਇਸ ਨੂੰ ਸਖਤੀ ਨਾਲ ਰੋਕਿਆ ਜਾਵੇ। ਰਾਜਪਾਲ ਨੇ ਸਰਹੱਦ ਪਾਰ ਤੋਂ ਆ ਰਹੇ ਨਸ਼ੇ ਦੇ ਮੁੱਦੇ ’ਤੇ ਕਿਹਾ ਕਿ ਇਹ ਵੀ ਦੇਸ਼ ਦੀ ਜਵਾਨੀ ਤੇ ਅਤੇ ਲੋਕਾਂ ’ਤੇ ਹਮਲਾ ਹੈ। ਇਸ ਨੂੰ ਪੂਰਨ ਤੌਰ ’ਤੇ ਬੰਦ ਕੀਤਾ ਜਾਵੇ ਅਤੇ ਇਸ ’ਤੇ ਸ਼ਿਕੰਜਾ ਕੱਸਿਆ ਜਾਵੇ। ਰਾਜਪਾਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਅਗਨੀਪੱਥ ਸਕੀਮ ਤਹਿਤ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਰਤੀ ਕੀਤਾ ਜਾਵੇ। ਰਾਜਪਾਲ ਨੇ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਉਨ੍ਹਾ ਦਾ ਇਹ ਦੌਰਾ ਰਾਜਨੀਤੀ ਨਾਲ ਜੁੜਿਆ ਨਹੀਂ ਹੈ। ਦੇਸ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਕੇ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਜੇਕਰ ਕੋਈ ਰਾਜਨੀਤਕ ਦਲ ਜਾਂ ਰਾਜਨੀਤਕ ਨੇਤਾ ਦੌਰੇ ਨੂੰ ਰਾਜਨੀਤੀ ਨਾਲ ਜੁੜਿਆ ਦੱਸ ਰਿਹਾ ਹੈ ਤਾਂ ਉਨ੍ਹਾ ਨੂੰ ਕੋਈ ਫਰਕ ਨਹੀਂ ਪੈਂਦਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿਚ ਡਿਫੈਂਸ ਕਮੇਟੀਆਂ ਦਾ ਗਠਨ ਕਰਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਅਜਿਹੀਆਂ ਡਿਫੈਂਸ ਕਮੇਟੀਆਂ ਪੂਰੇ ਰਾਜ ਵਿੱਚ ਬਣਨੀਆਂ ਚਾਹੀਦੀਆਂ ਹਨ। ਉਨ੍ਹਾ ਮੁੱਖ ਸਕੱਤਰ ਨੂੰ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਡਿਫੈਂਸ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਨੂੰ ਐਕਟਿਵ ਕੀਤਾ ਜਾਵੇ।

LEAVE A REPLY

Please enter your comment!
Please enter your name here