ਚੰਡੀਗੜ੍ਹ : ਐੱਨ ਆਈ ਏ ਨੇ ਦਹਿਸ਼ਤਗਰਦ ਗਰੁੱਪਾਂ ਨਾਲ ਸੰਬੰਧ ਰੱਖਣ ਵਾਲੇ ਗੈਂਗਸਟਰਾਂ ਦੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚਲੇ ਘਰਾਂ ਤੇ ਟਿਕਾਣਿਆਂ ’ਤੇ ਸੋਮਵਾਰ ਛਾਪੇ ਮਾਰੇ। ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਛਾਪੇ ਖਾਸ ਤੌਰ ’ਤੇ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ ਨਹੀਂ, ਸਗੋਂ ਗੈਂਗਸਟਰਾਂ ਵਿਰੁੱਧ ਦਿੱਲੀ ਪੁਲਸ ਵੱਲੋਂ ਯੂ ਏ ਪੀ ਏ ਐਕਟ ਤਹਿਤ ਦਰਜ ਕੀਤੀਆਂ ਐੱਫ ਆਈ ਆਰ ਤਹਿਤ ਮਾਰੇ ਗਏ ਹਨ, ਜਿਨ੍ਹਾਂ ਨੂੰ ਐੱਨ ਆਈ ਏ ਨੂੰ ਸੌਂਪਿਆ ਗਿਆ ਸੀ। ਉਨ੍ਹਾ ਕਿਹਾ ਕਿ ਪੰਜਾਬ ਪੁਲਸ ਇਸ ’ਚ ਸਹਿਯੋਗ ਦੇ ਰਹੀ ਹੈ।
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏ ਡੀ ਜੀ ਪੀ ਪ੍ਰਮੋਦ ਬਾਨ ਪੰਜਾਬ ਪੁਲਸ ਦੀਆਂ ਟੀਮਾਂ ਦੀ ਅਗਵਾਈ ਕਰ ਰਹੇ ਹਨ। ਐੱਨ ਆਈ ਏ ਦੇ ਬੁਲਾਰੇ ਨੇ ਕਿਹਾਐੱਨ ਆਈ ਏ ਨੇ ਸਿੱਧੂ ਮੂਸੇਵਾਲਾ ਕੇਸ ਦੀ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਹੈ। ਐੱਨ ਆਈ ਏ ਨੇ ਗੈਂਗਸਟਰਾਂ ਦੇ ਨੈੱਟਵਰਕ ਸੰਬੰਧੀ ਵੱਖਰੇ ਕੇਸ ਦਰਜ ਕੀਤੇ ਹਨ, ਜਿਨ੍ਹਾਂ ਸੰਬੰਧੀ ਇਹ ਛਾਪੇ ਮਾਰੇ ਗਏ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦੇ ਪਿੰਡ ਭਗਵਾਨਪੁਰ ਸਥਿਤ ਰਿਹਾਇਸ਼ ’ਤੇ ਐੱਨ ਆਈ ਏ ਦੀ ਟੀਮ ਨੇ ਛਾਪਾ ਮਾਰਿਆ। ਟੀਮ ਨੇ ਪਿੰਡ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਗੈਂਗਸਟਰ ਦੇ ਘਰ ਦੀ ਤਲਾਸ਼ੀ ਲਈ। ਪਤਾ ਲੱਗਾ ਹੈ ਕਿ ਘਰ ’ਚ ਜੱਗੂ ਦੀ ਮਾਤਾ ਅਤੇ ਉਸ ਦੀ 7-8 ਸਾਲ ਦੀ ਕੁੜੀ ਹੀ ਰਹਿੰਦੀਆਂ ਹਨ।
ਐੱਨ ਆਈ ਏ ਦੀ ਟੀਮ ਜਗਰਾਓਂ ਨੇੜਲੇ ਪਿੰਡ ਡੱਲਾ ’ਚ ਕੈਨੇਡਾ ਰਹਿੰਦੇ ਗੁਰਪਿਆਰ ਸਿੰਘ (30) ਪੁੱਤਰ ਮਰਹੂਮ ਸੁਰਜੀਤ ਸਿੰਘ ਦੇ ਘਰ ਦੀ ਚੈਕਿੰਗ ਕਰਨੀ ਚਾਹੁੰਦੀ ਸੀ, ਪਰ ਘਰ ਨੂੰ ਜ਼ਿੰਦਾ ਲੱਗਿਆ ਹੋਇਆ ਸੀ। ਗੁਰਪਿਆਰ ਦੀ ਮਾਂ ਵੀ ਕੈਨੇਡਾ ’ਚ ਹੋਣ ਕਾਰਨ ਘਰ ਵਿਚ ਕੋਈ ਨਹੀਂ ਰਹਿੰਦਾ। ਟੀਮ ਨੇ ਗੁਆਂਢੀਆਂ ਤੋਂ ਘਰ ਦੀ ਚਾਬੀ ਬਾਰੇ ਪਤਾ ਕੀਤਾ ਤੇ ਚਾਬੀ ਮਿਲ ਗਈ। ਟੀਮ ਨੇ ਘਰ ਦੇ ਜਿੰਦਰੇ ਖੋਲ੍ਹ ਕੇ ਤਲਾਸ਼ੀ ਲਈ।
ਸਾਬਕਾ ਸਰਪੰਚ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਗੁਰਪਿਆਰ 6 ਕੁ ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ।
ਪਤਾ ਲੱਗਾ ਹੈ ਕਿ ਕੈਨੇਡਾ ’ਚ ਉਸ ਦਾ ਰਾਬਤਾ ਕਿਸੇ ਗੈਂਗਸਟਰ ਗਰੁੱਪ ਨਾਲ ਸੀ, ਜਿਸ ਕਰਕੇ ਐੱਨ ਆਈ ਏ ਟੀਮ ਇਥੇ ਪੁੱਜੀ ਸੀ। ਇਥੇ ਰਹਿੰਦੇ ਸਮੇਂ ਵੀ ਗੁਰਪਿਆਰ ਖਿਲਾਫ ਕੁਝ ਕੇਸ ਦਰਜ ਸਨ।





