ਪੇਸ਼ਾਵਰ—ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਖੁਫੀਆ ਜਾਣਕਾਰੀ ‘ਤੇ ਆਧਾਰਤ ਇੱਕ ਅਪਰੇਸ਼ਨ ਦੌਰਾਨ ਪਾਬੰਦੀਸ਼ੁਦਾ ਟੀ ਟੀ ਪੀ ਦੇ 19 ਅੱਤਵਾਦੀ ਅਤੇ 11 ਫੌਜੀ ਮਾਰੇ ਗਏ | ਫੌਜ ਦੇ ਮੀਡੀਆ ਵਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅਪਰੇਸ਼ਨ 7-8 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸੂਬੇ ਦੇ ਓਰਕਜ਼ਈ ਜ਼ਿਲ੍ਹੇ ਵਿੱਚ ‘ਫਿਤਨਾ ਅਲ-ਖਵਾਰਿਜ’ ਨਾਲ ਸੰਬੰਧਤ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸੁਰੱਖਿਆ ਬਲਾਂ ਵੱਲੋਂ ਕੀਤਾ ਗਿਆ ਸੀ | ਸ਼ਬਦ ‘ਫਿਤਨਾ ਅਲ-ਖਵਾਰਿਜ’ ਦੀ ਵਰਤੋਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਅੱਤਵਾਦੀ ਸਮੂਹ ਲਈ ਕੀਤੀ ਜਾਂਦੀ ਹੈ | ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਦੇ ਤੀਬਰ ਅਦਾਨ-ਪ੍ਰਦਾਨ ਦੌਰਾਨ 19 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਅਤੇ ਅੱਗੇ ਕਿਹਾ ਗਿਆ ਕਿ ਇੱਕ ਲੈਫਟੀਨੈਂਟ ਕਰਨਲ ਅਤੇ ਇੱਕ ਮੇਜਰ ਸਮੇਤ 11 ਪਾਕਿਸਤਾਨੀ ਫੌਜੀ ਮਾਰੇ ਗਏ ਹਨ |

