ਬੀਜਿੰਗ : ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੀ 82 ਸਾਲਾ ਬੇਬੇ ਨੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਨੂੰ ਠੀਕ ਕਰਨ ਲਈ ਅੱਠ ਡੱਡੂ ਨਿਗਲ ਲਏ। ਇਸ ਤੋਂ ਬਾਅਦ ਝਾਂਗ ਨਾਂਅ ਦੀ ਬੇਬੇ ਨੂੰ ਸਤੰਬਰ ਦੇ ਸ਼ੁਰੂ ਵਿੱਚ ਤੇਜ਼ ਪੇਟ ਦਰਦ ਕਾਰਨ ਹੈਂਗਜ਼ੂ ਵਿੱਚ ਝੇਜਿਆਂਗ ਯੂਨੀਵਰਸਿਟੀ ਨੰਬਰ 1 ਐਫੀਲੀਏਟਿਡ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਉਸ ਦੇ ਪੁੱਤਰ ਨੇ ਡਾਕਟਰਾਂ ਨੂੰ ਦੱਸਿਆ ਕਿ ਝਾਂਗ ਨੇ ਦੋ ਦਿਨਾਂ ਵਿੱਚ ਡੱਡੂ ਖਾਧੇ ਸਨ। ਪਹਿਲੇ ਦਿਨ ਤਿੰਨ ਅਤੇ ਅਗਲੇ ਦਿਨ ਪੰਜ। ਉਸ ਦਾ ਮੰਨਣਾ ਸੀ ਕਿ ਇਸ ਨਾਲ ਹਰਨੀਏਟਿਡ ਡਿਸਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ, ਜਿਸ ਤੋਂ ਉਹ ਕਈ ਸਾਲਾਂ ਤੋਂ ਪੀੜਤ ਸੀ।
ਝਾਂਗ ਨੇ ਆਪਣੇ ਇਰਾਦੇ ਦਾ ਖੁਲਾਸਾ ਕੀਤੇ ਬਿਨਾਂ ਆਪਣੇ ਪਰਵਾਰ ਨੂੰ ਡੱਡੂ ਫੜਨ ਲਈ ਕਿਹਾ ਸੀ। ਉਸ ਨੇ ਇੱਕ ਰਵਾਇਤੀ ਪਰ ਗੈਰ-ਪ੍ਰਮਾਣਤ ਲੋਕ ਉਪਾਅ ਦੇ ਆਧਾਰ ’ਤੇ ਉਨ੍ਹਾਂ ਨੂੰ ਜ਼ਿੰਦਾ ਨਿਗਲ ਲਿਆ। ਹਾਲਾਂਕਿ ਸ਼ੁਰੂ ਵਿੱਚ ਉਸ ਨੂੰ ਸਿਰਫ ਹਲਕੀ ਬੇਚੈਨੀ ਮਹਿਸੂਸ ਹੋਈ, ਪਰ ਫਿਰ ਦਰਦ ਕਾਫੀ ਵਧ ਗਿਆ, ਜਿਸ ਕਾਰਨ ਉਸ ਨੇ ਆਪਣੇ ਘਰਦਿਆਂ ਨੂੰ ਆਪਣੇ ਇਸ ਇਲਾਜ ਦੇ ਤਰੀਕੇ ਬਾਰੇ ਦੱਸਿਆ, ਜੋ ਫਿਰ ਉਸ ਨੂੰ ਹਸਪਤਾਲ ਲੈ ਗਏ।
ਮੈਡੀਕਲ ਟੈਸਟਾਂ ਵਿੱਚ ਕੋਈ ਟਿਊਮਰ ਨਹੀਂ ਮਿਲਿਆ, ਪਰ ਆਕਸੀਫਿਲ ਸੈੱਲਾਂ ਵਿੱਚ ਅਸਾਧਾਰਨ ਵਾਧਾ ਜ਼ਰੂਰ ਦਿਖਾਈ ਦਿੱਤਾ, ਜੋ ਪਰਜੀਵੀ ਸੰਕਰਮਣ ਦਾ ਸੰਕੇਤ ਦਿੰਦਾ ਹੈ। ਡਾਕਟਰਾਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਝਾਂਗ ਸਪਾਰਗਨਮ, ਇੱਕ ਕਿਸਮ ਦੇ ਟੇਪਵਰਮ ਅਤੇ ਹੋਰ ਪਰਜੀਵੀਆਂ ਨਾਲ ਸੰਕਰਮਤ ਹੋ ਗਈ ਸੀ, ਜਿਸ ਨੇ ਉਸ ਦੀ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਸੀ। ਦੋ ਹਫਤਿਆਂ ਦੇ ਇਲਾਜ ਤੋਂ ਬਾਅਦ ਝਾਂਗ ਨੂੰ ਛੁੱਟੀ ਦੇ ਦਿੱਤੀ ਗਈ। ਹਸਪਤਾਲ ਦੇ ਇੱਕ ਸੀਨੀਅਰ ਫਿਜ਼ੀਸ਼ੀਅਨ ਡਾ. ਵੂ ਝੋਂਗਵੇਨ ਨੇ ਨੋਟ ਕੀਤਾ ਕਿ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ। ਉਨ੍ਹਾ ਕਿਹਾ, ‘‘ਅਸੀਂ ਉਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਹੈ ਜਿਨ੍ਹਾਂ ਨੇ ਡੱਡੂ ਨਿਗਲੇ ਹਨ, ਕੱਚੇ ਸੱਪ ਜਾਂ ਮੱਛੀ ਦਾ ਪਿੱਤ ਖਾਧਾ ਹੈ ਜਾਂ ਆਪਣੀ ਚਮੜੀ ’ਤੇ ਡੱਡੂ ਦੀ ਚਮੜੀ ਲਗਾਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਬਜ਼ੁਰਗ ਸਨ ਅਤੇ ਜਦੋਂ ਤੱਕ ਕੋਈ ਪੇਚੀਦਗੀਆਂ ਪੈਦਾ ਨਹੀਂ ਹੋ ਜਾਂਦੀਆਂ, ਉਹ ਅਕਸਰ ਆਪਣੇ ਪਰਵਾਰਕ ਮੈਂਬਰਾਂ ਨਾਲ ਆਪਣੀ ਸਿਹਤ ਬਾਰੇ ਗੱਲ ਨਹੀਂ ਕਰਦੇ।’’
ਡਾ. ਵੂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਲੋਕ ਉਪਾਅ ਨਾ ਸਿਰਫ ਬੇਅਸਰ ਹਨ, ਸਗੋਂ ਖਤਰਨਾਕ ਵੀ ਹਨ। ਉਨ੍ਹਾ ਸਮਝਾਇਆ, ‘‘ਮਿਸਾਲ ਲਈ, ਸਰੀਰ ’ਤੇ ਡੱਡੂ ਦੀ ਚਮੜੀ ਲਗਾਉਣ ਨਾਲ ਚਮੜੀ ਦਾ ਰੋਗ ਠੀਕ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ, ਪਰ ਇਸ ਨਾਲ ਗੰਭੀਰ ਪਰਜੀਵੀ ਸੰਕਰਮਣ ਹੋ ਸਕਦਾ ਹੈ, ਜਿਸ ਨਾਲ ਨਜ਼ਰ ਦਾ ਨੁਕਸਾਨ, ਦਿਮਾਗ ਦਾ ਸੰਕਰਮਣ ਜਾਂ ਮੌਤ ਵੀ ਹੋ ਸਕਦੀ ਹੈ।’’
ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਦੇ ਖਤਰਿਆਂ ਨੂੰ ਵੀ ਉਜਾਗਰ ਕੀਤਾ ਹੈ। ਝੇਜਿਆਂਗ ਦੇ ਇੱਕ ਹੋਰ ਹਾਲੀਆ ਮਾਮਲੇ ਵਿੱਚ, ਇੱਕ ਛੇ ਮਹੀਨਿਆਂ ਦੀ ਬੱਚੀ ਨੂੰ ਸਿੱਕੇ ਦੇ ਜ਼ਹਿਰ ਨਾਲ ਪੀੜਤ ਪਾਇਆ ਗਿਆ ਸੀ, ਜਦੋਂ ਉਸ ਦੀ ਮਾਂ ਨੇ ਇਗਜ਼ੀਮਾ ਦਾ ਇਲਾਜ ਕਰਨ ਲਈ ਵਾਰ-ਵਾਰ ਬੱਚੀ ਦੇ ਹੱਥ ਨੂੰ ਲੀਡ ਐਸੀਟੇਟ ਵਿੱਚ ਭਿਉਂਤਾ ਸੀ। ਇਹ ਇੱਕ ਗੈਰ-ਵਿਗਿਆਨਕ ਇਲਾਜ ਸੀ, ਜੋ ਆਨਲਾਈਨ ਲੱਭਿਆ ਗਿਆ ਸੀ। ਚਮੜੀ ਰਾਹੀਂ ਜਜ਼ਬ ਹੋਏ ਸਿੱਕੇ ਨੇ ਗੰਭੀਰ ਸਿਹਤ ਪੇਚੀਦਗੀਆਂ ਪੈਦਾ ਕੀਤੀਆਂ।


