ਹਮਾਸ ਤੇ ਇਜ਼ਰਾਈਲ ਬੰਦੀ ਤੇ ਕੈਦੀ ਛੱਡਣ ਲਈ ਰਾਜ਼ੀ

0
89

ਵਾਸ਼ਿੰਗਟਨ : ਇਜ਼ਰਾਈਲ ਤੇ ਹਮਾਸ ਗਾਜ਼ਾ ਵਿੱਚ ਲੜਾਈ ਰੋਕਣ ਅਤੇ ਕੁਝ ਬੰਦੀਆਂ ਤੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਏ ਹਨ। ਟਰੰਪ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਕਰਵਾਏ ਜਾ ਰਹੇ ਸਮਝੌਤੇ ਦਾ ਇਹ ਪਹਿਲਾ ਪੜਾਅ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇਸ ਦਾ ਮਤਲਬ ਹੈ ਕਿ ਸਾਰੇ ਬੰਦੀਆਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਕੁਝ ਹੱਦ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲਵੇਗਾ, ਜੋ ਕਿ ਇੱਕ ਮਜ਼ਬੂਤ, ਟਿਕਾਊ ਅਤੇ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ। ਸਾਰੀਆਂ ਧਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ!’’
ਉਧਰ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਰੱਬ ਦੀ ਮਿਹਰ ਨਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਘਰ ਵਾਪਸ ਲਿਆਵਾਂਗੇ।’’
ਇਸ ਦੌਰਾਨ ਹਮਾਸ ਨੇ ਕਿਹਾ ਕਿ ਉਸ ਨੇ ਇੱਕ ਅਜਿਹੇ ਸਮਝੌਤੇ ਲਈ ਸਹਿਮਤੀ ਦਿੱਤੀ ਹੈ, ਜੋ ਗਾਜ਼ਾ ਵਿੱਚ ਜੰਗ ਨੂੰ ਖਤਮ ਕਰੇਗਾ, ਇਜ਼ਰਾਈਲੀ ਫੌਜਾਂ ਦੀ ਵਾਪਸੀ ਹੋਵੇਗੀ, ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਆਮਦ ਹੋਵੇਗੀ ਅਤੇ ਬੰਦੀਆਂ ਬਦਲੇ ਕੈਦੀਆਂ ਦੀ ਅਦਲਾ-ਬਦਲੀ ਹੋਵੇਗੀ। ਹਮਾਸ ਨੇ ਹਾਲਾਂਕਿ ਟਰੰਪ ਅਤੇ ਵਿਚੋਲਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਜ਼ਰਾਈਲ ‘ਬਿਨਾਂ ਕਿਸੇ ਦੇਰੀ ਜਾਂ ਇਨਕਾਰ’ ਦੇ ਸਮਝੌਤੇ ਵਿਚਲੀਆਂ ਉਨ੍ਹਾਂ ਸਾਰੀਆਂ ਸ਼ਰਤਾਂ ਨੂੰ ਲਾਗੂ ਕਰੇ, ਜਿਨ੍ਹਾਂ ਬਾਰੇ ਸਹਿਮਤੀ ਹੋਈ ਸੀ। ਇਸ ਪੂਰੇ ਘਟਨਾਕ੍ਰਮ ਤੋਂ ਜਾਣੂੰ ਲੋਕਾਂ ਨੇ ਦੱਸਿਆ ਕਿ ਹਮਾਸ ਇਸ ਹਫਤੇ ਦੇ ਅੰਤ ਵਿੱਚ ਸਾਰੇ 20 ਬਚੇ ਹੋਏ ਬੰਦੀਆਂ ਨੂੰ ਰਿਹਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਕਿ ਇਜ਼ਰਾਈਲੀ ਫੌਜਾਂ ਗਾਜ਼ਾ ਦੇ ਜ਼ਿਆਦਾਤਰ ਹਿੱਸੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦੇਣਗੀਆਂ।