ਹਮਾਸ ਨੇ ਵਾਅਦੇ ਮੁਤਾਬਕ 20 ਇਜ਼ਰਾਈਲੀ ਛੱਡੇ

0
96

ਕਾਹਿਰਾ : ਇਜ਼ਰਾਈਲ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਸੋਮਵਾਰ 20 ਬੰਦੀਆਂ ਨੂੰ ਰੈੱਡ ਕਰਾਸ ਹਵਾਲੇ ਕਰ ਦਿੱਤਾ | ਹਮਾਸ ਨੇ ਕਿਹਾ ਸੀ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ 1900 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ 20 ਜਿਊਾਦੇ ਬੰਦੀਆਂ ਨੂੰ ਰਿਹਾਅ ਕਰੇਗਾ | ਜਿਵੇਂ ਹੀ ਇਜ਼ਰਾਇਲੀ ਟੈਲੀਵਿਜ਼ਨ ਚੈਨਲਾਂ ਨੇ ਐਲਾਨ ਕੀਤਾ ਕਿ ਬੰਦੀ ਰੈੱਡ ਕਰਾਸ ਨੂੰ ਮਿਲ ਗਏ ਹਨ, ਬੰਦੀਆਂ ਦੇ ਪਰਵਾਰਾਂ ਅਤੇ ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਉਤਸ਼ਾਹ ਨਾਲ ਖੁਸ਼ੀ ਮਨਾਈ | ਦੇਸ਼ ਭਰ ਵਿੱਚ ਹਜ਼ਾਰਾਂ ਇਜ਼ਰਾਈਲੀਆਂ ਨੇ ਬੰਦੀਆਂ ਦੀ ਅਦਲੀ-ਬਦਲੀ ਦੇ ਇਸ ਅਮਲ ਨੂੰ ਜਨਤਕ ਥਾਵਾਂ ‘ਤੇ ਲਾਈਆਂ ਸਕਰੀਨਾਂ ਰਾਹੀਂ ਦੇਖਿਆ |
ਇਜ਼ਰਾਈਲ ਵਿੱਚ ਬੰਦ ਫਲਸਤੀਨੀ ਕੈਦੀਆਂ ਦੀ ਰਿਹਾਈ ਲਈ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ | ਇਨ੍ਹਾਂ ਵਿੱਚ 250 ਲੋਕ ਸ਼ਾਮਲ ਹਨ, ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ | ਇਸ ਤੋਂ ਇਲਾਵਾ 1,700 ਲੋਕ ਜੰਗ ਦੌਰਾਨ ਗਾਜ਼ਾ ਤੋਂ ਫੜੇ ਗਏ ਸਨ ਅਤੇ ਬਿਨਾਂ ਕਿਸੇ ਦੋਸ਼ ਦੇ ਰੱਖੇ ਗਏ ਹਨ |
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜੰਗ ਖਤਮ ਹੋ ਗਈ ਹੈ | ਉਮੀਦ ਹੈ ਕਿ ਜੰਗਬੰਦੀ ਕਾਇਮ ਰਹੇਗੀ |’