ਨਵੀਂ ਦਿੱਲੀ : ਡਾਕ ਵਿਭਾਗ ਨੇ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ 15 ਅਕਤੂਬਰ ਤੋਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ | ਇੰਡੀਆ ਪੋਸਟ ਨੇ ਇਸ ਅਗਸਤ ਤੋਂ ਅਮਰੀਕਾ ਲਈ ਸਾਰੀਆਂ ਡਾਕ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ, ਕਿਉਂਕਿ ਨਵੇਂ ਅਮਰੀਕੀ ਨਿਯਮਾਂ ਕਾਰਨ ਵਿਦੇਸ਼ਾਂ ਵਿਚੋਂ ਜ਼ਿਆਦਾਤਰ ਆਉਣ ਵਾਲੇ ਸ਼ਿਪਮੈਂਟਾਂ ਲਈ ਡਿਊਟੀ ਫਰੀ ਵਰਗ ਤੋਂ ਦਿੱਤੀ ਛੋਟ ਖਤਮ ਕਰ ਦਿੱਤੀ ਸੀ, ਜਿਨ੍ਹਾਂ ਵਿਚ ਚਿੱਠੀ-ਪੱਤਰ ਆਦਿ ਸ਼ਾਮਲ ਸਨ | ਇਹ ਸੇਵਾਵਾਂ ਪ੍ਰਭਾਵਤ ਹੋਣ ਕਾਰਨ ਭਾਰਤੀ ਵਿਦਿਆਰਥੀ ਤੇ ਹੋਰ ਵਰਗਾਂ ਦੇ ਲੋਕ ਪ੍ਰਭਾਵਿਤ ਹੋਏ ਸਨ | ਡਾਕ ਵਿਭਾਗ ਨੇ ਕਿਹਾ ਕਿ ਯੂ ਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਤੋਂ ਅਮਰੀਕਾ ਨੂੰ ਡਾਕ ਭੇਜਣ ‘ਤੇ ਕਸਟਮ ਡਿਊਟੀ ਨਵੇਂ ਟੈਰਿਫ ਨਿਯਮ ਤਹਿਤ ਐਲਾਨੀ ਵਸਤੂ ਦੇ ਮੁੱਲ ਦੇ 50 ਫੀਸਦੀ ਦੀ ਫਲੈਟ ਦਰ ‘ਤੇ ਲਾਗੂ ਹੋਵੇਗੀ | ਅਧਿਕਾਰੀਆਂ ਨੇ ਕਿਹਾ ਕਿ ਡਾਕ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ |




