ਕਿਸਾਨ ਆਗੂ ਚੜੂਨੀ ਨੇ ਅਧਿਕਾਰੀ ਨੂੰ ਥੱਪੜ ਜੜਿਆ, ਹਿਰਾਸਤ ‘ਚ ਲਿਆ

0
95

ਕੁਰੂਕਸ਼ੇਤਰ : ਕੁਰੂਕਸ਼ੇਤਰ ਦੇ ਮਿੰਨੀ ਸਕੱਤਰੇਤ ਵਿਚ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ (ਡੀ ਐੱਫ ਐੱਸ ਸੀ) ਨੂੰ ਥੱਪੜ ਮਾਰਨ ਤੋਂ ਬਾਅਦ ਕੁਰੂਕਸ਼ੇਤਰ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅਤੇ ਉਨ੍ਹਾਂ ਦੀ ਯੂਨੀਅਨ ਦੇ ਕੁਝ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ | ਕਿਸਾਨ ਸੁਚਾਰੂ ਖਰੀਦ ਪ੍ਰਕਿਰਿਆ ਦੀ ਮੰਗ ਕਰਦੇ ਹੋਏ ਮਿੰਨੀ ਸਕੱਤਰੇਤ ਵਿੱਚ ਧਰਨਾ ਦੇ ਰਹੇ ਸਨ | ਗੁਰਨਾਮ ਸਿੰਘ ਚੜੂਨੀ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ‘ਤੇ ਝੋਨੇ ਦੀ ਖਰੀਦ ਵਿੱਚ ਭਿ੍ਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ | ਇਸ ਦੌਰਾਨ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਡੀ ਐੱਸ ਪੀ ਰਾਮ ਕੁਮਾਰ ਅਤੇ ਕਈ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚੇ, ਪਰ ਕੋਈ ਫਾਇਦਾ ਨਹੀਂ ਹੋਇਆ | ਪ੍ਰਦਰਸ਼ਨ ਦੌਰਾਨ ਡੀ ਐੱਫ ਐੱਸ ਸੀ ਰਾਜੇਸ਼ ਕੁਮਾਰ ਵੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਮੌਕੇ ‘ਤੇ ਪਹੁੰਚੇ, ਹਾਲਾਂਕਿ ਖਰੀਦ ਵਿੱਚ ਦੇਰੀ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਣ ਤੋਂ ਗੁੱਸੇ ਵਿੱਚ ਆਏ ਗੁਰਨਾਮ ਸਿੰਘ ਚੜੂਨੀ ਨੇ ਡੀ ਐੱਫ ਐੱਸ ਸੀ ਨੂੰ ਥੱਪੜ ਮਾਰ ਦਿੱਤਾ | ਇਸ ਘਟਨਾ ਤੋਂ ਬਾਅਦ ਕਿਸਾਨ ਆਗੂ ਨੂੰ ਹੋਰਨਾਂ ਯੂਨੀਅਨ ਮੈਂਬਰਾਂ ਸਣੇ ਮਿੰਨੀ ਸਕੱਤਰੇਤ ਤੋਂ ਪੁਲਸ ਵੈਨ ਵਿੱਚ ਲਿਜਾਇਆ ਗਿਆ |