ਮੋਦੀ ਦੇ ‘ਹਨੂੰਮਾਨ’ ਕਾਰਨ ਐੱਨ ਡੀ ਏ ‘ਚ ਘੜਮੱਸ

0
111

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਨੇ 243 ਮੈਂਬਰੀ ਅਸੈਂਬਲੀ ਦੀਆਂ ਦੋ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਗੇੜ ਲਈ ਬੁੱਧਵਾਰ 57 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਜਿਨ੍ਹਾਂ ਵਿੱਚ ਪੰਜ ਸੀਟਾਂ ਅਜਿਹੀਆਂ ਹਨ, ਜਿਹੜੀਆਂ ਐੱਨ ਡੀ ਏ ਭਾਈਵਾਲਾਂ ਵਿਚਾਲੇ ਹੋਏ ਸਮਝੌਤੇ ਤਹਿਤ ਖੁਦ ਨੂੰ ਮੋਦੀ ਦਾ ਹਨੂੰਮਾਨ ਦੱਸਣ ਵਾਲੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਨੂੰ ਜਾਣੀਆਂ ਸਨ | ਇਹ ਸੀਟਾਂ ਮੋਰਵਾ, ਗਾਇਘਾਟ, ਰਾਜਗੀਰ, ਸੋਨਬਰਸਾ ਤੇ ਏਕਮਾ ਹਨ | ਸਮਝੌਤੇ ਤਹਿਤ 101-101 ਸੀਟਾਂ ਜਨਤਾ ਦਲ (ਯੂ) ਤੇ ਭਾਜਪਾ ਦੇ ਹਿੱਸੇ ਵਿੱਚ ਆਈਆਂ ਹਨ | 29 ਸੀਟਾਂ ਚਿਰਾਗ ਪਾਸਵਾਨ ਅਤੇ 6-6 ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨੀ ਆਵਾਮ ਮੋਰਚਾ ਤੇ ਉਪਿੰਦਰ ਕੁਸ਼ਵਾਹਾ ਦੇ ਰਾਸ਼ਟਰੀ ਲੋਕ ਮੋਰਚਾ ਦੇ ਹਿੱਸੇ |
ਨਿਤੀਸ਼ ਕੁਮਾਰ ਆਪਣੀਆਂ ਮਜ਼ਬੂਤ ਸੀਟਾਂ ਚਿਰਾਗ ਪਾਸਵਾਨ ਲਈ ਛੱਡਣ ਨੂੰ ਤਿਆਰ ਨਹੀਂ, ਇਸੇ ਕਰਕੇ ਉਨ੍ਹਾ ਪਾਸਵਾਨ ਵਾਲੀਆਂ ਸੀਟਾਂ ‘ਤੇ ਵੀ ਉਮੀਦਵਾਰ ਐਲਾਨ ਦਿੱਤੇ ਹਨ | ਇਸ ਨਾਲ ਸੀਟਾਂ ਦੀ ਵੰਡ ਦਾ ਫਾਰਮੂਲਾ ਗੜਬੜਾ ਗਿਆ ਹੈ | ਮਾਂਝੀ ਨੇ ਵੀ ਚਿਰਾਗ ਦੀ ਮਖਦੂਮਪੁਰ ਸੀਟ ਨੂੰ ਆਪਣੀ ਦੱਸ ਕੇ ਉੱਥੇ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਕੀਤਾ ਹੈ | ਚਿਰਾਗ ਨੂੰ ਜਿਹੜੀਆਂ 29 ਸੀਟਾਂ ਛੱਡੀਆਂ ਗਈਆਂ ਹਨ, ਉਨ੍ਹਾਂ ਵਿੱਚ ਇਸ ਵੇਲੇ ਚਾਰ ‘ਤੇ ਭਾਜਪਾ, ਤਿੰਨ ‘ਤੇ ਜਨਤਾ ਦਲ (ਯੂ) ਤੇ ਇੱਕ ‘ਤੇ ਮਾਂਝੀ ਦੀ ਪਾਰਟੀ ਦਾ ਕਬਜ਼ਾ ਹੈ | ਭਾਜਪਾ ਨੇ ਤਾਂ ਚਿਰਾਗ ਲਈ ਸੀਟਾਂ ਖਾਲੀ ਕਰ ਦਿੱਤੀਆਂ ਹਨ, ਪਰ ਜਨਤਾ ਦਲ (ਯੂ) ਤੇ ਮਾਂਝੀ ਛੱਡਣ ਲਈ ਤਿਆਰ ਨਹੀਂ | ਜਨਤਾ ਦਲ (ਯੂ) ਵਾਲਿਆਂ ਦਾ ਕਹਿਣਾ ਹੈ ਕਿ ਪਟਨਾ ਵਿੱਚ ਸੀਟਾਂ ਦੀ ਵੰਡ ਲਈ ਹੋਈ ਗੱਲਬਾਤ ਵਿੱਚ ਚਿਰਾਗ ਨੂੰ 22 ਸੀਟਾਂ ਦੇਣ ਦੀ ਗੱਲ ਹੋਈ ਸੀ, ਪਰ ਦਿੱਲੀ ਦੀ ਮੀਟਿੰਗ ਵਿੱਚ ਪਤਾ ਨਹੀਂ 29 ਕਿਵੇਂ ਛੱਡ ਦਿੱਤੀਆਂ ਗਈਆਂ | ਜਨਤਾ ਦਲ (ਯੂ) ਦਾ ਇਹ ਵੀ ਕਹਿਣਾ ਹੈ ਕਿ ਚਿਰਾਗ, ਮਾਂਝੀ ਤੇ ਕੁਸ਼ਵਾਹਾ ਦਾ ਗੱਠਜੋੜ ਭਾਜਪਾ ਨਾਲ ਹੈ, ਉਸ ਨਾਲ ਨਹੀਂ |
ਕੁਸ਼ਵਾਹਾ ਵੀ ਚਿਰਾਗ ਨੂੰ ਛੱਡੀ ਮਹੂਆ ਸੀਟ ਆਪਣੇ ਬੇਟੇ ਲਈ ਚਾਹੁੰਦੇ ਸਨ ਤੇ ਕਿਹਾ ਸੀ ਕਿ ਐੱਨ ਡੀ ਏ ਵਿੱਚ ਸਭ ਠੀਕ ਨਹੀਂ, ਪਰ ਬੁੱਧਵਾਰ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਸਭ ਠੀਕ ਹੈ ਤੇ ਐੱਨ ਡੀ ਏ ਜਿੱਤੇਗਾ | ਦੱਸਿਆ ਜਾਂਦਾ ਹੈ ਕਿ ਦਿੱਲੀ ਵਿੱਚ ਇਹ ਸੌਦਾ ਹੋਇਆ ਕਿ ਕੁਸ਼ਵਾਹਾ ਨੂੰ ਫਿਰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇਗਾ | ਉਨ੍ਹਾ ਦੀ ਰਾਜ ਸਭਾ ਦੀ ਮਿਆਦ ਅਗਲੇ ਸਾਲ ਅਪ੍ਰੈਲ ਵਿੱਚ ਖਤਮ ਹੋ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾ ਦੀ ਪਾਰਟੀ ਦੇ ਇੱਕ ਮੈਂਬਰ ਨੂੰ ਵਿਧਾਨ ਪ੍ਰੀਸ਼ਦ ਮੈਂਬਰ ਬਣਾਇਆ ਜਾਵੇਗਾ |
ਨਿਤੀਸ਼ ਦੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ‘ਚ 23 ਓ ਬੀ ਸੀ, 9 ਅੱਤ ਪੱਛੜਾ ਵਰਗ ਤੇ 12 ਦਲਿਤਾਂ ‘ਚੋਂ ਹਨ | ਬੀਬੀਆਂ ਸਿਰਫ ਚਾਰ ਹਨ | 27 ਨਵੇਂ ਚਿਹਰੇ ਹਨ, ਜਦਕਿ 11 ਉਹ ਹਨ, ਜਿਹੜੇ ਪਿਛਲੀ ਵਾਰ ਹਾਰ ਗਏ ਸਨ | ਪਾਰਟੀ ਨੇ ਬਾਹੂਬਲੀਆਂ ਨੂੰ ਵੀ ਟਿਕਟਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਮੋਕਾਮਾ ਤੋਂ ਅਨੰਤ ਸਿੰਘ, ਏਕਮਾ ਤੋਂ ਧੂਮਲ ਸਿੰਘ ਤੇ ਕੁਚਾਇਕੋਟ ਤੋਂ ਅਮਰਿੰਦਰ ਪਾਂਡੇ ਸ਼ਾਮਲ ਹਨ | ਪਹਿਲੀ ਲਿਸਟ ਵਿੱਚ ਕਿਸੇ ਮੁਸਲਮਾਨ ਦਾ ਨਾਂਅ ਨਹੀਂ ਹੈ | ਪਿਛਲੀ ਵਾਰ ਪਾਰਟੀ ਨੇ 115 ਸੀਟਾਂ ਲੜੀਆਂ ਸਨ ਤੇ 11 ਮੁਸਲਮਾਨਾਂ ਨੂੰ ਟਿਕਟਾਂ ਦਿੱਤੀਆਂ ਸਨ | ਇਸ ਨੇ ਸਮਾਜੀ ਨਿਆਂ ਦੀ ਗੱਲ ਕਰਨ ਵਾਲੇ ਨਿਤੀਸ਼ ਕੁਮਾਰ ਦੇ ਨਵੇਂ ਪੈਂਤੜੇ ਨੂੰ ਸਾਹਮਣੇ ਲਿਆਂਦਾ ਹੈ | ਪਿਛਲੇ ਦਿਨੀਂ ਪਾਰਟੀ ਦੇ ਆਗੂ ਲੱਲਨ ਸਿੰਘ ਨੇ ਕਿਹਾ ਵੀ ਸੀ ਕਿ ਨਿਤੀਸ਼ ਸਰਕਾਰ ਨੇ ਮੁਸਲਮਾਨਾਂ ਲਈ ਕਾਫੀ ਕੁਝ ਕੀਤਾ, ਪਰ ਉਨ੍ਹਾਂ ਦੀਆਂ ਵੋਟਾਂ ਨਹੀਂ ਮਿਲਦੀਆਂ |
ਉਧਰ, ਏ ਆਈ ਐੱਮ ਆਈ ਐੱਮ ਦੇ ਬਿਹਾਰ ਦੇ ਪ੍ਰਧਾਨ ਅਖਤਰੁਲ ਈਮਾਨ ਨੇ ਕਿਹਾ ਹੈ ਕਿ ਉਨ੍ਹਾ ਆਜ਼ਾਦ ਸਮਾਜ ਪਾਰਟੀ ਤੇ ਅਪਨੀ ਜਨਤਾ ਪਾਰਟੀ ਨਾਲ ਗੱਠਜੋੜ ਕੀਤਾ ਹੈ ਤੇ ਗੱਠਜੋੜ ਦਾ ਨਾਂਅ ਗਰੈਂਡ ਡੈਮੋਕਰੇਟਿਕ ਅਲਾਇੰਸ (ਜੀ ਡੀ ਏ) ਰੱਖਿਆ ਗਿਆ ਹੈ | ਤਿੰਨੋਂ ਪਾਰਟੀਆਂ 64 ਸੀਟਾਂ ਲੜਨਗੀਆਂ |