ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਹਰਿਆਣਾ ਦੇ ਅੰਬਾਲਾ ਵਿਚ ਅਦਾਲਤ ਤੇ ਜਾਂਚ ਏਜੰਸੀਆਂ ਦੇ ਫ਼ਰਜ਼ੀ ਹੁਕਮਾਂ ਦੇ ਅਧਾਰ ‘ਤੇ ਇਕ ਬਜ਼ੁਰਗ ਦੰਪਤੀ ਨੂੰ ‘ਡਿਜੀਟਲ ਅਰੈਸਟ’ ਕਰਕੇ ਉਨ੍ਹਾਂ ਕੋਲੋਂ 1.05 ਕਰੋੜ ਰੁਪਏ ਦੀ ਉਗਰਾਹੀ ਦੀ ਘਟਨਾ ਨੂੰ ਸ਼ੁੱਕਰਵਾਰ ਨੂੰ ਗੰਭੀਰਤਾ ਨਾਲ ਲਿਆ ਹੈ | 73 ਸਾਲਾ ਮਹਿਲਾ ਵੱਲੋਂ ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਨੂੰ ਲਿਖੇ ਪੱਤਰ ਦਾ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈਂਦਿਆਂ ਦਰਜ ਕੀਤੇ ਕੇਸ ਵਿਚ ਕੇਂਦਰ ਤੇ ਸੀ ਬੀ ਆਈ ਤੋਂ ਜਵਾਬ ਮੰਗਿਆ ਹੈ | ਬੈਂਚ ਨੇ ਅਟਾਰਨੀ ਜਨਰਲ ਤੋਂ ਸਹਾਇਤਾ ਮੰਗੀ ਹੈ ਅਤੇ ਹਰਿਆਣਾ ਸਰਕਾਰ ਅਤੇ ਅੰਬਾਲਾ ਸਾਈਬਰ ਕ੍ਰਾਈਮ ਵਿਭਾਗ ਨੂੰ ਬਜ਼ੁਰਗ ਜੋੜੇ ਦੇ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਜਾਂਚ ਬਾਰੇ ਸਟੇਟਸ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ |


