ਮੇਰੀ ਮਾਂ, ਮੇਰੀ ਪਿਆਰੀ, ਮੇਰੀ ਭੈਣ, ਮੇਰੇ ਭਰਾ…

0
158

ਜਲੰਧਰ : ਯੂਰਪ ਜਾਂਦਿਆਂ ਮੱਧਸਾਗਰ ਪਾਰ ਕਰਦਿਆਂ ਡੁੱਬ ਜਾਣ ਵਾਲੇ ਦਰਜਨਾਂ ਪ੍ਰਵਾਸੀਆਂ ਵਿੱਚੋਂ ਇੱਕ ਸੂਡਾਨੀ ਮੁੰਡੇ ਦੇ ਪੱਤਰ ਨੇ ਝੰਜੋੜ ਕੇ ਰੱਖ ਦਿੱਤਾ ਹੈ | ਪੱਤਰ ਵਿੱਚ ਉਸਨੇ ਆਪਣੀ ਮਾਂ, ਪਿਆਰੀ ਤੇ ਭੈਣ-ਭਰਾ ਤੋਂ ਮੁਆਫੀ ਮੰਗੀ ਹੈ ਕਿ ਉਹ ਉਨ੍ਹਾਂ ਲਈ ਜੋ ਕਰਨਾ ਚਾਹੁੰਦਾ ਸੀ, ਕਰ ਨਹੀਂ ਸਕਿਆ | ਉਹ ਯੂਰਪ ਵੱਲ ਉੱਚੀਆਂ ਸੱਧਰਾਂ ਲੈ ਕੇ ਵੀ ਨਹੀਂ ਠਿੱਲਿ੍ਹਆ ਸੀ, ਬਹੁਤ ਹੀ ਸਧਾਰਨ ਸੱਧਰਾਂ ਸਨ ਉਸ ਦੀਆਂ : ਮਾਂ ਦੀ ਦਵਾਈ ਤੇ ਦੰਦਾਂ ਦੇ ਇਲਾਜ ਜੋਗੇ ਪੈਸੇ, ਭੈਣ ਲਈ ਨਵਾਂ ਫੋਨ ਅਤੇ ਭਰਾ ਲਈ ਕੁਝ ਪੈਸੇ | ਪੱਤਰ, ਜਿਹੜਾ ਕੁਝ ਪੱਤਰਕਾਰਾਂ ਨੇ ਸ਼ੇਅਰ ਕੀਤਾ, ਦੀ ਸ਼ੁਰੂਆਤ ਉਸ ਨੇ ਇਸ ਤਰ੍ਹਾਂ ਕੀਤੀ, ”ਮਾਂ, ਮੈਨੂੰ ਮੁਆਫ ਕਰਨਾ, ਸਾਨੂੰ ਲਿਜਾਣ ਵਾਲੀ ਬੋਟ ਡੁੱਬ ਗਈ ਤੇ ਮੈਂ ਬਚ ਨਹੀਂ ਸਕਿਆ | ਮੈਥੋਂ ਹੁਣ ਉਹ ਪੈਸੇ ਵਾਪਸ ਨਹੀਂ ਹੋਣੇ, ਜਿਹੜੇ ਟਿ੍ਪ ਲਈ ਉਧਾਰ ਲਏ ਸਨ | ਮਾਂ ਉਦਾਸ ਨਾ ਹੋਈਾ, ਜੇ ਉਨ੍ਹਾਂ ਨੂੰ ਮੇਰੀ ਲਾਸ਼ ਨਾ ਲੱਭੀ; ਤੇਰੇ ਲਈ ਇਸ ਤੋਂ ਚੰਗਾ ਕੀ ਹੋਣਾ ਕਿ ਲਾਸ਼ ਘਰ ਲਿਆਉਣ, ਦਫਨਾਉਣ ਤੇ ਅੰਤਮ ਅਰਦਾਸ ਦੇ ਖਰਚੇ ਬਚ ਜਾਣੇ ਨੇ | ਮੁਆਫ ਕਰਨਾ, ਮਾਂ, ਮੈਨੂੰ ਹੋਰਨਾਂ ਵਾਂਗ ਘਰੋਂ ਨਿਕਲਣਾ ਪਿਆ | ਮੇਰੇ ਸੁਫਨੇ ਹੋਰਨਾਂ ਦੇ ਸੁਫਨਿਆਂ ਵਰਗੇ ਵੱਡੇ ਨਹੀਂ ਸਨ | ਤੈਨੂੰ ਪਤਾ ਹੀ ਹੈ, ਮੇਰੇ ਸੁਫਨੇ ਤਾਂ ਬੱਸ ਤੇਰੇ ਲਈ ਦਵਾਈ ਤੇ ਤੇਰੇ ਦੰਦ ਠੀਕ ਕਰਾਉਣ ਜੋਗੇ ਪੈਸੇ ਹੀ ਸਨ |”
ਉਸ ਨੇ ਆਪਣੀ ਪਿਆਰੀ ਲਈ ਲਿਖਿਆ, ”ਮੁਆਫ ਕਰਨਾ ਮੇਰੀ ਪਿਆਰੀ, ਮੈਂ ਤੈਨੂੰ ਬਹੁਤ ਸੁਫਨੇ ਦਿਖਾਏ, ਇੱਕ ਖੂਬਸੂਰਤ ਘਰ ਬਣਾਉਣ ਦਾ ਸੁਫਨਾ ਦਿਖਾਇਆ, ਜਿਹੜਾ ਆਪਾਂ ਫਿਲਮਾਂ ਵਿੱਚ ਦੇਖਦੇ ਸੀ |”
ਉਸ ਨੇ ਭਰਾ ਤੇ ਭੈਣ ਨੂੰ ਮੁਖਾਤਬ ਹੁੰਦਿਆਂ ਲਿਖਿਆ, ”ਮੁਆਫ ਕਰਨਾ ਮੇਰੇ ਭਰਾ, ਮੈਂ ਤੈਨੂੰ ਪੰਜਾਹ ਯੂਰੋ ਨਹੀਂ ਭੇਜ ਸਕਾਂਗਾ, ਜਿਹੜੇ ਮੈਂ ਤੇਰੀ ਪੜ੍ਹਾਈ ਪੂਰੀ ਹੋਣ ਤੱਕ ਹਰ ਮਹੀਨੇ ਭੇਜਣ ਦਾ ਵਾਅਦਾ ਕੀਤਾ ਸੀ | ਮੁਆਫ ਕਰਨਾ ਭੈਣੇ, ਮੈਂ ਤੈਨੂੰ ਵਾਈ-ਫਾਈ ਵਾਲਾ ਮਾਡਰਨ ਫੋਨ ਨਹੀਂ ਭੇਜ ਸਕਣਾ, ਜਿਹੋ-ਜਿਹੇ ਤੇਰੀਆਂ ਖਾਂਦੇ-ਪੀਂਦੇ ਘਰਾਂ ਵਾਲੀਆਂ ਸਹੇਲੀਆਂ ਕੋਲ ਹਨ |”
ਉਸ ਨੇ ਆਪਣੇ ਘਰ ਬਾਰੇ ਲਿਖਦਿਆਂ ਅਫਸੋਸ ਕੀਤਾ ਕਿ ਉਹ ਹੁਣ ਉਸ ਦੇ ਦਰਵਾਜ਼ੇ ਪਿੱਛੇ ਕੋਟ ਨਹੀਂ ਟੰਗ ਸਕੇਗਾ | ਉਸ ਨੇ ਸ਼ਰਨ ਦਫਤਰ ਨੂੰ ਵੀ ਯਕੀਨ ਦਿਵਾਇਆ ਕਿ ਉਹ ਉਸ ‘ਤੇ ਬੋਝ ਨਹੀਂ ਬਣੇਗਾ | ਉਸ ਨੇ ਸਮੁੰਦਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਸ ਨੇ ਬਿਨਾਂ ਵੀਜ਼ਾ ਉਸ ਦਾ ਸਵਾਗਤ ਕੀਤਾ | ਮੱਛੀਆਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹ ਉਸ ਦਾ ਮਾਸ ਖਾਣ ਵੇਲੇ ਉਸ ਦਾ ਧਰਮ ਤੇ ਸਿਆਸੀ ਇਲਹਾਕ ਬਾਰੇ ਨਹੀਂ ਪੁੱਛਣਗੀਆਂ | ਨਿਊਜ਼ ਚੈਨਲਾਂ ਦਾ ਵੀ ਧੰਨਵਾਦ ਕੀਤਾ ਕਿ ਉਹ ਦੋ ਦਿਨ ਹਰ ਘੰਟੇ ਉਨ੍ਹਾਂ ਦੀਆਂ ਮੌਤਾਂ ਦੀ ਪੰਜ ਮਿੰਟ ਖਬਰ ਚਲਾਉਣਗੇ | ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਖਬਰ ਸੁਣ ਕੇ ਦੁੱਖ ਜਤਾਉਣਗੇ | ਜਿਨ੍ਹਾਂ ਪੱਤਰਕਾਰਾਂ ਨੇ ਇਹ ਪੱਤਰ ਸਾਂਝਾ ਕੀਤਾ ਹੈ, ਉਨ੍ਹਾਂ ਲੇਖਕ ਦੀ ਪਛਾਣ ਨਹੀਂ ਦੱਸੀ |
ਪ੍ਰਵਾਸੀਆਂ ਲਈ ਕੌਮਾਂਤਰੀ ਜਥੇਬੰਦੀ ਮੁਤਾਬਕ 74 ਸੂਡਾਨੀਆਂ ਨੂੰ ਲਿਬੀਆ ਦੇ ਤੋਬਰੁਕ ਤੋਂ ਯੂਨਾਨ ਵੱਲ ਲਿਜਾਂਦਿਆਂ ਬੋਟ ਡੁੱਬ ਗਈ ਸੀ | ਇਨ੍ਹਾਂ ਵਿੱਚੋਂ ਘੱਟੋ-ਘੱਟ 52 ਸੂਡਾਨ ਦੀ ਰਾਜਧਾਨੀ ਖਰਤੂਮ ਦੇ ਪੂਰਬ ਵੱਲ ਪੈਂਦੀ ਗੇਜ਼ੀਰਾ ਇਲਾਕੇ ਦੇ ਪਿੰਡਾਂ ਦੇ ਸਨ | 13 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ |