ਜੰਮੂ : ਗ੍ਰਹਿ ਮੰਤਰਾਲੇ ਨੇ ਲੱਦਾਖ ਦੇ ਪ੍ਰਤੀਨਿਧੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਵਿੱਚ ਲੇਹ ਐਪੈਕਸ ਬਾਡੀ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਮੈਂਬਰ ਸ਼ਾਮਲ ਹਨ | ਮੰਤਰਾਲੇ ਨੇ ਲੱਦਾਖ ਨੂੰ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਰਾਜ ਦਾ ਦਰਜਾ ਦੇਣ ਦੀਆਂ ਮੰਗਾਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ 22 ਅਕਤੂਬਰ ਨੂੰ ਸੱਦਾ ਦਿੱਤਾ ਹੈ |
ਲੱਦਾਖ ਦੇ ਸੰਸਦ ਮੈਂਬਰ ਦੇ ਨਾਲ ਛੇ ਲੱਦਾਖ ਨੇਤਾਵਾਂ, ਲੇਹ ਅਤੇ ਕਾਰਗਿਲ ਤੋਂ ਤਿੰਨ-ਤਿੰਨ ਵਾਲੀ ਇੱਕ ਉਪ ਕਮੇਟੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ | ਇਹ ਸੱਦਾ ਗ੍ਰਹਿ ਮੰਤਰਾਲੇ ਵੱਲੋਂ 24 ਸਤੰਬਰ ਨੂੰ ਹੋਈ ਹਿੰਸਾ ਦੀ ਨਿਆਂਇਕ ਜਾਂਚ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ, ਜਿਸ ਵਿੱਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕੀਤੀ, ਜਿਸ ਦੌਰਾਨ ਲੇਹ ਜ਼ਿਲ੍ਹੇ ਵਿੱਚ ਚਾਰ ਜਣੇ ਮਾਰੇ ਗਏ ਸਨ | ਲੇਹ ਐਪੈਕਸ ਬਾਡੀ ਦੇ ਸਹਿ-ਚੇਅਰਮੈਨ ਅਤੇ ਸਬ-ਕਮੇਟੀ ਦੇ ਮੈਂਬਰ ਚੈਰਿੰਗ ਦੋਰਜੇ ਲਾਕਰੁਕ ਨੇ ਪੁਸ਼ਟੀ ਕੀਤੀ ਕਿ ਛੇਵੀਂ ਅਨੁਸੂਚੀ ਅਤੇ ਲੱਦਾਖ ਲਈ ਰਾਜ ਦਾ ਦਰਜਾ ‘ਤੇ ਕੇਂਦਰਤ ਚਰਚਾ ਲਈ ਸਮੂਹ ਨੂੰ ਨਵੀਂ ਦਿੱਲੀ ਸੱਦਿਆ ਗਿਆ ਹੈ | ਕਰੁਕ ਨੇ ਕਿਹਾ, ‘ਅਸੀਂ ਸੋਨਮ ਵਾਂਗਚੁਕ ਅਤੇ 25 ਹੋਰਨਾਂ ਦੀ ਰਿਹਾਈ ‘ਤੇ ਵੀ ਜ਼ੋਰ ਪਾਵਾਂਗੇ, ਜਿਨ੍ਹਾਂ ਨੂੰ ਲੇਹ ਵਿੱਚ 24 ਸਤੰਬਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ |’ ਉਨ੍ਹਾ ਕਿਹਾ ਕਿ ਸਬ-ਕਮੇਟੀ ‘ਚ ਵਿਚਾਰ-ਵਟਾਂਦਰੇ ਤੋਂ ਬਾਅਦ ਆਗੂ ਲੱਦਾਖ ‘ਤੇ ਹੋਰ ਵਿਚਾਰ-ਚਰਚਾ ਲਈ ਗ੍ਰਹਿ ਮੰਤਰਾਲੇ ਦੀ ਉੱਚ ਸ਼ਕਤੀਸ਼ਾਲੀ ਕਮੇਟੀ ਨਾਲ ਮੁਲਾਕਾਤ ਕਰਨਗੇ | ਲੱਦਾਖ ਲੀਡਰਸ਼ਿਪ ਲਗਾਤਾਰ ਚਾਰ ਮੁੱਖ ਮੰਗਾਂ ਉਪਰ ਜ਼ੋਰ ਦੇ ਰਹੀ ਹੈ, ਜਿਨ੍ਹਾਂ ਵਿੱਚ ਸੰਵਿਧਾਨ ਦੀ ਛੇਵੀਂ ਅਨੁਸੂਚੀ ਅਧੀਨ ਸ਼ਾਮਲ ਕਰਨਾ, ਰਾਜ ਦਾ ਦਰਜਾ ਦੇਣਾ, ਲੱਦਾਖ ਲਈ ਇੱਕ ਸਮਰਪਿਤ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਅਤੇ ਦੋ ਸੰਸਦੀ ਸੀਟਾਂ ਦੀ ਮੰਗ ਸ਼ਾਮਿਲ ਹੈ |



