ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਦੀਵਾਲੀ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਫ਼ੋਨ ਉਪਰ ਗੱਲਬਾਤ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਚੀਜ਼ਾਂ ਲੁਕਾਉਂਦੇ ਹਨ, ਜਦੋਂ ਕਿ ਟਰੰਪ ਉਨ੍ਹਾਂ ਦਾ ਪਰਦਾਫਾਸ਼ ਕਰਦੇ ਹਨ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਪੋਸਟ ਕੀਤਾ, ”ਪ੍ਰਧਾਨ ਮੰਤਰੀ ਨੇ ਅਖੀਰ ਜਨਤਕ ਤੌਰ ‘ਤੇ ਮੰਨ ਲਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ ਅਤੇ ਦੋਵਾਂ ਵਿਚਕਾਰ ਗੱਲਬਾਤ ਹੋਈ ਸੀ, ਪਰ ਪ੍ਰਧਾਨ ਮੰਤਰੀ ਨੇ ਸਿਰਫ਼ ਇਹੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ |” ਰਮੇਸ਼ ਨੇ ਕਿਹਾ, ”ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਤੋਂ ਇਲਾਵਾ ਉਨ੍ਹਾਂ ਨੇ ਰੂਸ ਤੋਂ ਭਾਰਤ ਦੀ ਤੇਲ ਦਰਾਮਦ ‘ਤੇ ਵੀ ਚਰਚਾ ਕੀਤੀ ਅਤੇ ਮੋਦੀ ਨੇ ਭਰੋਸਾ ਦਿੱਤਾ ਕਿ ਇਹ ਦਰਾਮਦ ਬੰਦ ਕਰ ਦਿੱਤੀ ਜਾਵੇਗੀ |”


