ਨਵੀਂ ਦਿੱਲੀ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇੱਕ ਭਾਰਤੀ ਏਜੰਟ ਵੱਲੋਂ ਕਥਿਤ ਤੌਰ ‘ਤੇ ਧੋਖਾ ਦੇਣ ਤੋਂ ਬਾਅਦ ਤਾਜਿਕਸਤਾਨ ਦੇ ਦੁਸ਼ਾਂਬੇ ਨੇੜੇ ਫਸੇ 7 ਪੰਜਾਬੀ ਨੌਜਵਾਨ ਸੋਮਵਾਰ ਨੂੰ ਸੁਰੱਖਿਅਤ ਭਾਰਤ ਪਰਤ ਆਉਣਗੇ | ਨੌਜਵਾਨਾਂ ਨੇ 19 ਅਕਤੂਬਰ ਨੂੰ ਇੱਕ ਮੁਸੀਬਤ ‘ਚ ਫਸੇ ਹੋਣ ਦੀ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਰੋਗਨ ਕਸਬੇ ਵਿੱਚ ਗੰਭੀਰ ਬਦਸਲੂਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਾਹਨੀ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨੌਜਵਾਨਾਂ ਦੀ ਸੁਰੱਖਿਆ ਅਤੇ ਜਲਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਤਾਜ਼ਿਕਸਤਾਨ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿਸ ਸਦਕਾ ਨੌਜਵਾਨਾਂ ਦੀ ਵਾਪਸੀ ਹੋ ਰਹੀ ਹੈ | ਸਾਹਨੀ ਨੇ ਉਨ੍ਹਾਂ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ, ਜੋ ਵਿਦੇਸ਼ਾਂ ਵਿੱਚ ਨਕਲੀ ਨੌਕਰੀ ਦੇ ਵਾਅਦਿਆਂ ਨਾਲ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ |




