ਬਿਹਾਰ ਵਿੱਚ ਕਦੇ ਚੰਗੀ ਪਕੜ ਰੱਖਣ ਵਾਲੀਆਂ ਖੱਬੀਆਂ ਪਾਰਟੀਆਂ ਦਾ ਇਸ ਵਾਰ ਮਹਾਂ-ਗੱਠਬੰਧਨ ਦੀ ਸਰਕਾਰ ਬਣਾਉਣ ਵਿੱਚ ਖਾਸ ਯੋਗਦਾਨ ਰਹਿਣ ਦੀ ਸੰਭਾਵਨਾ ਹੈ। ਇੱਕ ਜ਼ਮਾਨੇ ਵਿੱਚ ਲਾਲੂ ਪ੍ਰਸਾਦ ਨੇ ਖੱਬੀਆਂ ਪਾਰਟੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਉਨ੍ਹਾ ਦਾ ਬੇਟਾ ਤੇ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵ ਉਨ੍ਹਾਂ ਦੇ ਸਹਾਰੇ ਹੀ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐਤਕੀਂ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ), ਭਾਜਪਾ ਤੇ ਕੁਝ ਹੋਰ ਪਾਰਟੀਆਂ ਦੇ ਐੱਨ ਡੀ ਏ ਅਤੇ ਰਾਜਦ, ਕਾਂਗਰਸ, ਵੀ ਆਈ ਪੀ ਤੇ ਖੱਬੀਆਂ ਪਾਰਟੀਆਂ ਦੇ ਮਹਾਂ-ਗੱਠਬੰਧਨ ਵਿਚਾਲੇ ਗਹਿਗਚ ਮੁਕਾਬਲਾ ਹੈ, ਹਾਲਾਂਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ ਪੀ ਕੇ ਦੀ ਜਨ ਸੁਰਾਜ ਪਾਰਟੀ ਵੀ ਪਹਿਲੀ ਵਾਰ ਕਿਸਮਤ ਅਜ਼ਮਾ ਰਹੀ ਹੈ।
243 ਸੀਟਾਂ ਵਾਲੀ ਅਸੈਂਬਲੀ ਦੀ ਚੋਣ ਲਈ ਖੱਬੀਆਂ ਪਾਰਟੀਆਂ ਮਹਾਂ-ਗੱਠਬੰਧਨ ਦੀ ਜਿੱਤ ਲਈ ਨਾ ਸਿਰਫ ਵਿਚਾਰਧਾਰਕ ਆਧਾਰ ਮੁਹੱਈਆ ਕਰ ਰਹੀਆਂ ਹਨ, ਸਗੋਂ ਰਣਨੀਤਕ ਤੌਰ ’ਤੇ ਵੀ ਫੈਸਲਾਕੁੰਨ ਭੂਮਿਕਾ ਵਿੱਚ ਹਨ। ਖੱਬੀਆਂ ਪਾਰਟੀਆਂ ਕਿਸਾਨਾਂ, ਬੇਜ਼ਮੀਨੇ ਮਜ਼ਦੂਰਾਂ, ਦਲਿਤਾਂ ਤੇ ਨੌਜਵਾਨਾਂ ਲਈ ਆਵਾਜ਼ ਉਠਾਉਦੀਆਂ ਰਹੀਆਂ ਹਨ ਅਤੇ ਭਾਜਪਾ ਦੇ ਫਿਰਕੂ ਏਜੰਡੇ ਦਾ ਵੀ ਡਟ ਕੇ ਮੁਕਾਬਲਾ ਕਰਦੀਆਂ ਆ ਰਹੀਆਂ ਹਨ। ਖੱਬੀਆਂ ਪਾਰਟੀਆਂ ਮਗਧ ਤੇ ਸ਼ਾਹਬਾਦ ਵਰਗੇ ਗੜ੍ਹਾਂ ਵਿੱਚ ਕਾਫੀ ਸਰਗਰਮ ਹਨ। ਬੇਗੂਸਰਾਏ ਵਿੱਚ ਸੀ ਪੀ ਆਈ ਦੀ ਕਿਸੇ ਵੇਲੇ ਮਜ਼ਬੂਤ ਪਕੜ ਹੋਇਆ ਕਰਦੀ ਸੀ ਤੇ ਅੱਜ ਵੀ ਉਹ ਆਪਣੀ ਹੋਂਦ ਦਾ ਅਹਿਸਾਸ ਕਰਾ ਰਹੀ ਹੈ। ਖੱਬੀਆਂ ਪਾਰਟੀਆਂ ਨੇ ਰਾਜਦ ਤੇ ਕਾਂਗਰਸ ਵਿਚਾਲੇ ਤਣਾਅ ਨੂੰ ਘਟਾਉਣ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਐੱਨ ਡੀ ਏ ਵਿਰੋਧੀਆਂ, ਖਾਸਕਰ ਗੈਰ-ਯਾਦਵਾਂ, ਅਤਿਅੰਤ ਪਛੜਾ ਵਰਗ ਅਤੇ ਨਿਤੀਸ਼ ਸ਼ਾਸਨ ਤੋਂ ਨਿਰਾਸ਼ ਸ਼ਹਿਰੀ ਨੌਜਵਾਨਾਂ ਨੂੰ ਮਹਾਂ-ਗੱਠਬੰਧਨ ਦੇ ਹੱਕ ਵਿੱਚ ਭੁਗਤਾਉਣ ’ਚ ਖੱਬੀਆਂ ਪਾਰਟੀਆਂ ਦਾ ਅਹਿਮ ਯੋਗਦਾਨ ਰਹਿਣ ਵਾਲਾ ਹੈ।
ਇਨ੍ਹਾਂ ਚੋਣਾਂ ਵਿੱਚ ਖੱਬੀਆਂ ਪਾਰਟੀਆਂ ਲਈ ਛੱਡੀਆਂ ਗਈਆਂ ਲਗਭਗ 30 ਸੀਟਾਂ ਰਾਜਦ ਦੀਆਂ 143 ਤੇ ਕਾਂਗਰਸ ਦੀਆਂ 61 ਸੀਟਾਂ ਦੀ ਤੁਲਨਾ ਵਿੱਚ ਬਹੁਤ ਘੱਟ ਹਨ, ਫਿਰ ਵੀ ਉਨ੍ਹਾਂ ਦਾ ਭਾਗੀਦਾਰੀ ਸਹਿਯੋਗ ਮਹਾਂ-ਗੱਠਬੰਧਨ ਨੂੰ ਸੱਤਾ ਤੱਕ ਪਹੁੰਚਾਉਣ ਵਿੱਚ ਕਾਫੀ ਸਹਾਈ ਹੋਵੇਗਾ। ਖੱਬੀਆਂ ਪਾਰਟੀਆਂ ਜਿੱਥੇ ਨਹੀਂ ਲੜ ਰਹੀਆਂ, ਉਨ੍ਹਾਂ ਹਲਕਿਆਂ ਵਿੱਚ ਉਨ੍ਹਾਂ ਦੇ ਵੋਟਰ ਮਹਾਂ-ਗੱਠਬੰਧਨ ਨੂੰ ਕਾਫੀ ਮਜ਼ਬੂਤੀ ਪ੍ਰਦਾਨ ਕਰਨਗੇ, ਕਿਉਕਿ ਇਹ ਪਾਰਟੀਆਂ ਗੱਠਬੰਧਨ ਧਰਮ ਨਿਭਾਉਣ ਵਾਲੀਆਂ ਹਨ। 2020 ਵਿੱਚ ਇਨ੍ਹਾਂ ਪਾਰਟੀਆਂ ਨੇ 29 ਸੀਟਾਂ ਲੜੀਆਂ ਸਨ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ 12 ਅਤੇ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਨੇ 2-2 ਸੀਟਾਂ ਜਿੱਤੀਆਂ ਸਨ। ਐਤਕੀਂ ਇਹ ਨਿਸਚੇ ਹੀ ਇਸ ਰਿਕਾਰਡ ਨੂੰ ਸੁਧਾਰਨਗੀਆਂ।



