ਓਟਾਵਾ : 2022 ਦੇ ਇੱਕ ਕਤਲ ਕੇਸ ਵਿੱਚ ਬਿ੍ਰਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਜਿਊਰੀ ਨੇ ਬਲਰਾਜ ਬਸਰਾ ਨੂੰ ਪਹਿਲੀ ਡਿਗਰੀ ਕਤਲ ਅਤੇ ਅਗਜ਼ਨੀ ਦਾ ਦੋਸ਼ੀ ਠਹਿਰਾਉਦਿਆਂ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਬਸਰਾ 2022 ਵਿੱਚ 17 ਅਕਤੂਬਰ ਨੂੰ ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਗੋਲਫ ਕਲੱਬ ਵਿੱਚ ਵਿਸ਼ਾਲ ਵਾਲੀਆ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਤੀਜਾ ਵਿਅਕਤੀ ਹੈ। ਇਕਬਾਲ ਕੰਗ ਅਤੇ ਡੀਐਂਡਰੇ ਬੈਪਟਿਸਟ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਕੰਗ ਨੂੰ 17 ਸਾਲ ਦੀ ਕੈਦ ਅਤੇ ਅਗਜ਼ਨੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਬੈਪਟਿਸਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ 17 ਸਾਲਾਂ ਤੱਕ ਕੋਈ ਪੈਰੋਲ ਦੀ ਯੋਗਤਾ ਨਹੀਂ ਹੈ। ਤਿੰਨਾਂ ਦੋਸ਼ੀਆਂ ਨੇ 38 ਸਾਲਾ ਵਿਸ਼ਾਲ ਵਾਲੀਆ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ ਸੀ। ਵੈਨਕੂਵਰ ਪੁਲਸ ਨੇ ਤੁਰੰਤ ਇਨ੍ਹਾਂ ਦੀ ਪਛਾਣ ਕਰ ਲਈ ਸੀ, ਜੋ ਇੱਕ ਹੋਰ ਵਾਹਨ ਵਿੱਚ ਮੌਕੇ ਤੋਂ ਫਰਾਰ ਹੋ ਗਏ ਸਨ।
ਭਾਰਤ ਨੂੰ ਆਸਾਨੀ ਨਾਲ ਹਰਾਇਆ
ਮੈਲਬਰਨ : ਇੱਥੇ ਆਸਟਰੇਲੀਆ ਨੇ ਭਾਰਤ ਨੂੰ ਦੂਜੇ ਟੀ-20 ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਪੂਰੇ 20 ਓਵਰ ਵੀ ਨਾ ਖੇਡ ਸਕੀ ਤੇ 18.4 ਓਵਰਾਂ ਵਿੱਚ 125 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇੱਕ ਵੇਲੇ ਆਸਟਰੇਲੀਆ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 123 ਦੌੜਾਂ ਬਣਾ ਲਈਆਂ ਸਨ ਤੇ ਜਸਪ੍ਰੀਤ ਬੁਮਰਾ ਨੇ ਦੋ ਖਿਡਾਰੀਆਂ ਨੂੰ ਆਊਟ ਕਰ ਦਿੱਤਾ ਪਰ ਉਸ ਵੇਲੇ ਆਸਟਰੇਲੀਆ ਨੂੰ ਮੈਚ ਜਿੱਤਣ ਲਈ ਸਿਰਫ ਦੋ ਦੌੜਾਂ ਦੀ ਹੀ ਲੋੜ ਸੀ ਤੇ ਉਸ ਨੇ 13.2 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 126 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ 68 ਤੇ ਹਰਸ਼ਿਤ ਨੇ 35 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਸਿਰਫ 22 ਦੌੜਾਂ ਹੀ ਬਣਾ ਸਕੇ।




