ਹੈਦਰਾਬਾਦ : ਕਾਂਗਰਸ ਆਗੂ ਤੇ ਦੇਸ਼ ਦੇ ਸਾਬਕਾ ਕਿ੍ਰਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਸ਼ੁੱਕਰਵਾਰ ਮੁੁੱਖ ਮੰਤਰੀ ਏ ਰੇਵੰਤ ਰੈੱਡੀ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਹਲਫ ਲਿਆ। ਅਜ਼ਹਰੂਦੀਨ ਦੀ ਸ਼ਮੂਲੀਅਤ ਨਾਲ ਮੰਤਰੀਆਂ ਦੀ ਗਿਣਤੀ 16 ਹੋ ਗਈ ਹੈ ਜਦੋਂਕਿ ਅਜੇ ਵੀ ਦੋ ਜਣਿਆਂ ਲਈ ਥਾਂ ਖਾਲੀ ਹੈ। ਸਾਬਕਾ ਕਿ੍ਰਕਟਰ ਦੀ ਮੰਤਰੀ ਵਜੋਂ ਨਿਯੁਕਤੀ ਨੂੰ ਇੱਕ ਅਹਿਮ ਪੇਸ਼ਕਦਮੀ ਮੰਨਿਆ ਜਾ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ਜੁਬਲੀ ਹਿਲਜ਼ ਹਲਕੇ ਦੀ ਜ਼ਿਮਨੀ ਚੋਣ ਪੂਰੇ ਜ਼ੋਰ-ਸ਼ੋਰ ਨਾਲ ਲੜ ਰਹੀ ਹੈ, ਜਿੱਥੇ ਇੱਕ ਲੱਖ ਤੋਂ ਵੱਧ ਮੁਸਲਮ ਵੋਟਰ ਫੈਸਲਾਕੁੰਨ ਭੂਮਿਕਾ ਨਿਭਾਅ ਸਕਦੇ ਹਨ। ਬੀ ਆਰ ਐੱਸ ਵਿਧਾਇਕ ਮਗੰਤੀ ਗੋਪੀਨਾਥ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਕਾਰਨ ਜ਼ਿਮਨੀ ਚੋਣ ਦੀ ਲੋੜ ਪਈ ਹੈ। ਅਜ਼ਹਰੂਦੀਨ ਨੂੰ ਅਗਸਤ ਦੇ ਆਖਰੀ ਹਫਤੇ ਤਿਲੰਗਾਨਾ ਸਰਕਾਰ ਨੇ ਰਾਜਪਾਲ ਦੇ ਕੋਟੇ ਤਹਿਤ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ। ਹਾਲਾਂਕਿ ਰਾਜਪਾਲ ਨੇ ਅਜੇ ਤੱਕ ਇਸ ਨਿਯੁਕਤੀ ਨੂੰ ਰਸਮੀ ਪ੍ਰਵਾਨਗੀ ਨਹੀਂ ਦਿੱਤੀ। ਸਾਬਕਾ ਕਿ੍ਰਕਟਰ ਨੇ 2023 ਦੀਆਂ ਚੋਣਾਂ ਵਿੱਚ ਜੁੁਬਲੀ ਹਿਲਜ਼ ਹਲਕੇ ਤੋਂ ਅਸੈਂਬਲੀ ਚੋਣ ਲੜੀ ਸੀ, ਪਰ ਹਾਰ ਗਿਆ ਸੀ।





