ਨਵੀਂ ਦਿੱਲੀ : ਜੇ ਬੰਦਾ ਜਿਸਮਾਨੀ ਹਰਕਤ ਕੀਤੇ ਬਿਨਾਂ ਇੱਕ ਥਾਂ ਬੈਠਾ ਤੇ ਲੰਮਾ ਪਿਆ ਮੋਬਾਈਲ ਨਾਲ ਹੀ ਚਿੰਬੜਿਆ ਰਿਹਾ ਤਾਂ 25 ਕੁ ਸਾਲ ਬਾਅਦ ਉਸ ਦਾ ਸਰੀਰ ਵੀ ਇਸ ਤਸਵੀਰ ਵਾਲੇ ਬੰਦੇ ਵਰਗਾ ਹੋ ਜਾਵੇਗਾ। ਬੰਦੇ ਦੀ ਇਹ ਡਿਜੀਟਲ ਸ਼ਕਲ ਵੀਵਾਰਡ ਨਾਂਅ ਦੀ ਐਪ ਨੇ ਸੰਸਾਰ ਸਿਹਤ ਜਥੇਬੰਦੀ ਤੇ ਸਿਹਤ ’ਤੇ ਨਜ਼ਰ ਰਖਦੀਆਂ ਹੋਰਨਾਂ ਜਥੇਬੰਦੀਆਂ ਦੇ ਅੰਕੜਿਆਂ ਦਾ ਅਧਿਐਨ ਕਰਕੇ ਬਣਾਈ ਹੈ। ਸੰਸਾਰ ਸਿਹਤ ਜਥੇਬੰਦੀ ਦਾ ਕਹਿਣਾ ਹੈ ਕਿ 80 ਫੀਸਦੀ ਗੱਭਰੂ ਘੱਟੋ-ਘੱਟ ਜਿਸਮਾਨੀ ਸਰਗਰਮੀ ਵੀ ਨਹੀਂ ਕਰ ਰਹੇ। ਹਰ ਚੀਜ਼ ਆਰਡਰ ’ਤੇ ਮੰਗਾਉਣ ਦੀ ਆਦਤ ਪਾ ਲਈ ਹੈ। ਬੱਸ, ਮੋਬਾਇਲ ਨਾਲ ਹੀ ਚਿੰਬੜੇ ਰਹਿੰਦੇ ਹਨ।
ਵੀਵਾਰਡ ਨੇ ਤਸਵੀਰ ਵਾਲੇ ਬੰਦੇ ਦਾ ਨਾਂਅ ਸੈਮ ਰੱਖਿਆ ਹੈ। ਉਸ ਮੁਤਾਬਕ ਮੋਬਾਇਲ ਨਾਲ ਚਿੰਬੜੇ ਰਹਿਣ ਵਾਲੇ ਸੈਮ ਦਾ ਭਾਰ ਵਧ ਗਿਆ ਹੈ, ਉਹ ਸਮੇਂ ਤੋਂ ਪਹਿਲਾਂ ਬੁੱਢਾ ਹੋ ਗਿਆ ਹੈ। ਬੈਠੇ ਰਹਿਣ ਕਾਰਨ ਢਿੱਡ ਵਧ ਗਿਆ ਹੈ। ਚਮੜੀ ਨਰਮ ਪੈ ਗਈ ਹੈ, ਡੇਲੇ ਨਿੱਕਲ ਆਏ ਹਨ। ਸ਼ੂਗਰ ਤੇ ਹਾਰਟ ਅਟੈਕ ਦੇ ਖਤਰੇ ਵਧਾ ਚੁੱਕਾ ਹੈ। ਜੇ ਲੋਕ ਮੋਬਾਇਲ ਨੂੰ ਇੰਜ ਹੀ ਚਿੰਬੜੇ ਰਹੇ ਤਾਂ ਸੈਮ ਵਰਗੇ ਬਣ ਜਾਣਗੇ।





