ਸਿਹਤ ਸਮੱਸਿਆਵਾਂ ਵਾਲੇ ਪ੍ਰਵਾਸੀਆਂ ਦਾ ਦਾਖਲਾ ਔਖਾ

0
74

ਨਿਊ ਯਾਰਕ : ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਦੇ ਅਮਰੀਕੀ ਕੌਂਸਲਰ ਦਫ਼ਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਮਰੀਕਾ ਵਿੱਚ ਦਾਖਲ ਹੋਣ ਅਤੇ ਰਹਿਣ ਦੀ ਇੱਛਾ ਰੱਖਣ ਵਾਲੇ ਉਨ੍ਹਾਂ ਵਿਅਕਤੀਆਂ ਨੂੰ ਅਯੋਗ ਸਮਝਣ, ਜੋ ਕਿਸੇ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ, ਕਿਉਂਕਿ ਇਹ ਲੋਕ ਜਨਤਕ ਲਾਭਾਂ ’ਤੇ ਨਿਰਭਰ ਹੋ ਸਕਦੇ ਹਨ। ਕੇ ਐੱਫ ਐੱਫ ਹੈੱਲਥ ਨਿਊਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿਣ ਵਾਸਤੇ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਆਂ ਨੂੰ ਜੇਕਰ ਕੁਝ ਡਾਕਟਰੀ ਸਮੱਸਿਆਵਾਂ ਹਨ ਤਾਂ ਉਨ੍ਹਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਰਿਪੋਰਟ ਵਿੱਚ ਵਿਦੇਸ਼ ਵਿਭਾਗ ਵੱਲੋਂ ਦੂਤਾਵਾਸ ਅਤੇ ਕੌਂਸਲਰ ਅਧਿਕਾਰੀਆਂ ਨੂੰ ਭੇਜੀ ਗਈ ਇੱਕ ਕੇਬਲ ਵਿੱਚ ਜਾਰੀ ਕੀਤੇ ਗਏ ਇੱਕ ਮਾਰਗ-ਦਰਸ਼ਨ ਦਾ ਹਵਾਲਾ ਦਿੱਤਾ ਗਿਆ ਹੈ। ਕੇਬਲ ਦੇ ਅਨੁਸਾਰ, ‘ਤੁਹਾਨੂੰ ਬਿਨੈਕਾਰ ਦੀ ਸਿਹਤ ’ਤੇ ਵਿਚਾਰ ਕਰਨਾ ਚਾਹੀਦਾ ਹੈ, ਜੇਕਰ ਕੋਈ ਕਾਰਡੀਓਵੈਸਕੁਲਰ ਰੋਗ, ਸਾਹ ਦੀਆਂ ਬਿਮਾਰੀਆਂ, ਕੈਂਸਰ, ਡਾਇਬਟੀਜ਼, ਮੈਟਾਬੋਲਿਕ ਰੋਗ, ਨਿਊਰੋਲੋਜੀਕਲ ਰੋਗ ਅਤੇ ਮਾਨਸਕ ਸਿਹਤ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਉਸ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ।’ ਵੀਜ਼ਾ ਅਧਿਕਾਰੀਆਂ ਨੂੰ ਆਪਣੇ ਫੈਸਲੇ ਲੈਣ ਸਮੇਂ ਮੋਟਾਪੇ ਵਰਗੀਆਂ ਸਥਿਤੀਆਂ ’ਤੇ ਵਿਚਾਰ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।