ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸ਼ਨੀਵਾਰ ਨੂੰ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਮਲਿਕਾਰਜੁਨ ਦੇ ਘਰ ਸਮੀਖਿਆ ਮੀਟਿੰਗ ਕੀਤੀ ਗਈ ਜਿਸ ਵਿਚ ਰਾਹੁਲ ਗਾਂਧੀ, ਕੇ ਸੀ ਵੇਣੂਗੋਪਾਲ ਤੇ ਅਜੈ ਮਾਕਨ ਵੀ ਮੌਜੂਦ ਸਨ। ਇਸ ਮੌਕੇ ਖਾਮੀਆਂ ਬਾਰੇ ਚਰਚਾ ਕੀਤੀ ਗਈ ਤੇ ਭਵਿੱਖ ਦੀਆਂ ਚੋਣਾਂ ਲਈ ਸੁਝਾਅ ਦਿੱਤੇ ਗਏ। ਮੀਟਿੰਗ ਤੋਂ ਬਾਅਦ ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵਿਚ ਭਾਜਪਾ ਵਲੋਂ ਗੜਬੜ ਕੀਤੀ ਗਈ। ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਚੋਣਾਂ ਸੰਬੰਧੀ ਸਬੂਤ ਇਕੱਠੇ ਕਰ ਰਹੀ ਹੈ ਜਿਨ੍ਹਾਂ ਨੂੰ ਦੋ ਹਫਤਿਆਂ ਅੰਦਰ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਬਿਹਾਰ ਚੋਣਾਂ ਵਿਚ ਕਾਂਗਰਸ ਨੇ 60 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਕਾਂਗਰਸ ਨੂੰ ਸਿਰਫ ਛੇ ਸੀਟਾਂ ’ਤੇ ਜਿੱਤ ਹਾਸਲ ਹੋਈ। ਕਾਂਗਰਸ ਦਾ ਵੋਟ ਬੈਂਕ ਵੀ ਇਸ ਵਾਰ 8.71 ਫੀਸਦੀ ਰਹਿ ਗਿਆ ਹੈ ਜਦ ਕਿ ਸਾਲ 2020 ਵਿਚ ਕਾਂਗਰਸ ਨੇ 70 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਤੇ 19 ਸੀਟਾਂ ਜਿੱਤੀਆਂ ਸਨ ਤੇ ਉਸ ਵੇਲੇ ਕਾਂਗਰਸ ਦਾ ਵੋਟ ਬੈਂਕ ਵੀ 9.6 ਫੀਸਦੀ ਸੀ।





