ਜੰਮੂ-ਕਸ਼ਮੀਰ ਦੇ ਪੁਲਸ ਥਾਣੇ ’ਚ ਧਮਾਕਾ, 9 ਹਲਾਕ, 32 ਜ਼ਖ਼ਮੀ

0
76

ਸ੍ਰੀਨਗਰ : ਇੱਥੇ ਸ਼ਹਿਰ ਦੇ ਬਾਹਰਵਾਰ ਸ਼ੁੱਕਰਵਾਰ ਰਾਤ ਨੂੰ ਨੌਗਾਮ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 32 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰਤ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਇਹ ਦਾਅਵਾ ਕੀਤਾ ਹੈ। ਨੌਗਾਮ ਦੇ ਇਸੇ ਪੁਲਸ ਥਾਣੇ ਵਿਚ ਲਾਲ ਕਿਲ੍ਹਾ ਧਮਾਕੇ ਨਾਲ ਜੁੜੇ ਦਹਿਸ਼ਤੀ ਮੌਡਿਊਲ ਤੋਂ ਬਰਾਮਦ ਵਿਸਫੋਟਕ ਰੱਖੇ ਗਏ ਸਨ। ਜੰਮੂ ਕਸ਼ਮੀਰ ਪੁਲਸ ਨੇ ਇਹ ਵਿਸਫੋਟਕ ਹਰਿਆਣਾ ਦੇ ਫ਼ਰੀਦਾਬਾਦ ਸ਼ਹਿਰ ਤੋਂ ਬਰਾਮਦ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ, ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ ਦੇ ਕਰਮਚਾਰੀ ਪੁਲਸ ਥਾਣੇ ਅੰਦਰ ਮੌਜੂਦ ਸਨ। ਐੱਸ ਆਈ ਏ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ। ਸ਼ੁੱਕਰਵਾਰ ਦੇਰ ਰਾਤ ਜਦੋਂ ਧਮਾਕਾ ਹੋਇਆ ਤਾਂ ਪੁਲਸ ਥਾਣੇ ਅਤੇ ਆਸ-ਪਾਸ ਦੇ ਕਈ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸ੍ਰੀਨਗਰ ਵਿੱਚ ਇੱਕ ਸੰਖੇਪ ਪ੍ਰੈੱਸ ਕਾਨਫਰੰਸ ਦੌਰਾਨ ਡੀ.ਜੀ.ਪੀ. ਨਲਿਨ ਪ੍ਰਭਾਤ ਨੇ ਕਿਹਾ ਕਿ 9 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 32 ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ, ‘‘ਇੱਕ ਅਚਾਨਕ ਧਮਾਕਾ ਹੋਇਆ ਹੈ।’’ ਉਨ੍ਹਾ ਕਿਹਾ, ਇਸ ਮੰਦਭਾਗੀ ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਸਟੇਟ ਇਨਵੈਸਟੀਗੇਟਿਵ ਏਜੰਸੀ ਦਾ ਇੱਕ ਇੰਸਪੈਕਟਰ ਅਤੇ ਸ੍ਰੀਨਗਰ ਦਾ ਇੱਕ ਨਾਇਬ ਤਹਿਸੀਲਦਾਰ ਸ਼ਾਮਲ ਹਨ।