ਨਵੀਂ ਦਿੱਲੀ : ਉੱਨੀਵੀਂ ਸਦੀ ਦੇ ਸਮਾਜ ਸੁਧਾਰਕ ਰਾਜਾ ਰਾਮਮੋਹਨ ਰਾਏ ਨੂੰ ਅੰਗਰੇਜ਼ਾਂ ਦਾ ਦਲਾਲ ਗਰਦਾਨਣ ਵਾਲਾ ਮੱਧ ਪ੍ਰਦੇਸ਼ ਦਾ ਉੱਚ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਭੰਡੀ ਕਰਾਉਣ ਤੋਂ ਬਾਅਦ ਹੁਣ ਸਫਾਈਆਂ ਦੇ ਰਿਹਾ ਹੈ ਕਿ ਉਸਦੇ ਕਹਿਣ ਦਾ ਮਤਲਬ ਹੋਰ ਸੀ। ਐਤਵਾਰ ਇੱਕ ਵੀਡੀਓ ਮੈਸੇਜ ਵਿੱਚ ਉਸਨੇ ਕਿਹਾ, ‘‘ਬਿਰਸਾ ਮੁੰਡਾ ਦੀ ਜ਼ਿੰਦਗੀ ਬਾਰੇ ਬੋਲਦਿਆਂ ਮੇਰੇ ਤੋਂ ਰਾਏ ਬਾਰੇ ਹਾਦਸਨ ਕੁਝ ਹੋਰ ਕਹਿ ਹੋ ਗਿਆ। ਮੈਨੂੰ ਇਸਦਾ ਬਹੁਤ ਅਫਸੋਸ ਹੈ ਤੇ ਖਿਮਾ ਚਾਹੁੰਦਾ ਹਾਂ।’’ ਉਸਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ ਕਿ ਉਹ ਰਾਏ ਦਾ ਸਤਿਕਾਰ ਕਰਦਾ ਹੈ, ਜਿਹੜੇ ਕਿ ‘ਉੱਘੇ ਸਮਾਜ ਸੁਧਾਰਕ’ ਸਨ।
ਪਰਮਾਰ ਨੇ ਸ਼ਨਿੱਚਰਵਾਰ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਵਿਖੇ ਬਿਰਸਾ ਮੁੰਡਾ ਦੀ ਜੈਅੰਤੀ ਦੇ ਸਮਾਰੋਹ ਵਿੱਚ ਬੋਲਦਿਆਂ ਕਿਹਾ ਸੀ ਕਿ ਬੰਗਾਲ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਨੂੰ ਅਧੁਨਿਕ ਵਿਦਿਆ ਵੱਲ ਲਿਜਾਣ ਤੇ ਸਮਾਜ ਨੂੰ ਸੁਧਾਰਨ ਦਾ ਰਾਏ ਨੂੰ ਅਕਸਰ ਸਿਹਰਾ ਦਿੱਤਾ ਜਾਂਦਾ ਹੈ ਪਰ ਅਸਲ ਵਿੱਚ ਉਹ ਭਾਰਤੀ ਸਮਾਜ ਨੂੰ ਜਾਤੀਵਾਦੀ ਲੀਹਾਂ ’ਤੇ ਵੰਡਣ ਵਿੱਚ ਅੰਗਰੇਜ਼ਾਂ ਦੀ ਮਦਦ ਕਰ ਰਿਹਾ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਬੰਗਾਲ ਵਿੱਚ ਅੰਗਰੇਜ਼ੀ ਦੀ ਸਿੱਖਿਆ ਨੇ ਧਰਮ ਪਰਿਵਰਤਨ ਦਾ ਖਤਰਨਾਕ ਚੱਕਰ ਚਲਾਇਆ। ਬਿਰਸਾ ਮੁੰਡਾ ਨੇ ਇਸ ਚੱਕਰ ਨੂੰ ਤੋੜਿਆ ਤੇ ਕਬਾਇਲੀਆਂ ਦੀ ਪਛਾਣ ਦੀ ਰਾਖੀ ਕੀਤੀ। ਹੁਣ ਪਰਮਾਰ ਕਹਿ ਰਿਹਾ ਹੈ ਕਿ ਜ਼ਬਾਨ ਗੋਤਾ ਖਾ ਗਈ ਸੀ। ਪਰ ਇਸ ਗੋਤੇ ਨੇ ਦੇਸ਼ ਵਿੱਚ ਇਸ ਬਹਿਸ ਨੂੰ ਮੁੜ ਖੋਲ੍ਹ ਦਿੱਤਾ ਹੈ ਕਿ ਇਤਿਹਾਸ ਨੂੰ ਪ੍ਰੀਭਾਸ਼ਤ ਕਿਸਨੇ ਕਰਨਾ ਹੈ। ਕਾਂਗਰਸ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਵਡੇਰੇ ਅੰਗਰੇਜ਼ਾਂ ਅੱਗੇ ਗੋਡੇ ਟੇਕ ਕੇ ਮੁਆਫੀ ਮੰਗਦੇ ਰਹੇ, ਹੁਣ ਉਹ ਲੋਕ ਮਹਾਨ ਸ਼ਖਸੀਅਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰ ਰਹੇ ਹਨ।
ਮੋਹਨ ਸਰਕਾਰ ਦੇ ਮੰਤਰੀ ਇੰਦਰ ਸਿੰਘ ਪਰਮਾਰ ਨੇ ਰਾਜਾ ਰਾਮਮੋਹਨ ਰਾਏ ਨੂੰ ਅੰਗਰੇਜ਼ਾਂ ਦਾ ਦਲਾਲ ਕਹਿ ਕੇ ਨਾਰੀ ਉੱਥਾਨ ਦੇ ਮਹਾਨਾਇਕ ਦਾ ਅਪਮਾਨ ਕੀਤਾ ਹੈ। ਕਾਂਗਰਸ ਦੇ ਬੁਲਾਰੇ ਭੁਪਿੰਦਰ ਗੁਪਤਾ ਨੇ ਪੁੱਛਿਆ ਹੈ ਕਿ ਕੀ ਸਤੀ ਪ੍ਰਥਾ ਦਾ ਖਾਤਮਾ ਵੀ ਅੰਗਰੇਜ਼ਾਂ ਦੀ ਦਲਾਲੀ ਸੀ? ਤਿ੍ਰਣਮੂਲ ਕਾਂਗਰਸ ਨੇ ਕਿਹਾ ਹੈ ਕਿ ਪਰਮਾਰ ਦਾ ਬਿਆਨ ਭਾਜਪਾ ਦੀ ਗੰਦੀ ਮਾਨਸਿਕਤਾ ਦਾ ਸੂਚਕ ਹੈ। ਉਸਦੇ ਆਗੂ ਬੰਗਾਲ ਦੇ ਸਭਿਆਚਾਰ ਤੇ ਬੰਗਾਲ ਦੇ ਨਾਇਕਾਂ ਦੀ ਲਗਾਤਾਰ ਬੇਹੁਰਮਤੀ ਕਰ ਰਹੇ ਹਨ।
ਪਰਮਾਰ ਨੇ ਅਜਿਹਾ ਬਿਆਨ ਪਹਿਲੀ ਵਾਰ ਨਹੀਂ ਦਿੱਤਾ। ਪਿਛਲੇ ਸਾਲ ਉਸਨੇ ਕਿਹਾ ਸੀ ਕਿ ਭਾਰਤ ਦੀ ਖੋਜ ਚੰਦਨ ਨਾਂ ਦੇ ਵਪਾਰੀ ਨੇ ਕੀਤੀ ਸੀ। ਇੱਕ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਬੋਲਦਿਆਂ ਉਸਨੇ ਕਿਹਾ ਸੀ ਕਿ ਦੇਸ਼ਵਾਸੀਆਂ ਨੂੰ ਪੀੜ੍ਹੀਆਂ ਤੋਂ ਗਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ। ਉਸਦੇ ਮੰਤਰਾਲੇ ਨੇ ਕਾਲਜਾਂ ਨੂੰ ਅਜਿਹੀਆਂ 88 ਕਿਤਾਬਾਂ ਲਾਉਣ ਲਈ ਮਜਬੂਰ ਕੀਤਾ, ਜਿਨ੍ਹਾਂ ਵਿੱਚੋਂ ਬਹੁਤੀਆਂ ਆਰ ਐੱਸ ਐੱਸ ਨਾਲ ਸੰਬੰਧਤ ਲੇਖਕਾਂ ਦੀਆਂ ਹਨ।





