ਪਰਵਾਰ ਨੂੰ ਅਮਰੀਕਾ ਨਹੀਂ ਲਿਜਾ ਸਕਣਗੇ ਐੱਚ-ਏ ਬੀ ਵੀਜ਼ਾਧਾਰਕ

0
16

ਵਾਸ਼ਿੰਗਟਨ : ਅਮਰੀਕਾ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਨੇ ‘ਐੱਚ-ਏ ਬੀ ਵੀਜ਼ਾ ਅਬਿਊਜ ਐਕਟ ਆਫ 2026 ਪੇਸ਼ ਕੀਤਾ ਹੈ। ਇਸ ਬਿੱਲ ਦਾ ਮੁੱਖ ਮਕਸਦ ਅਮਰੀਕੀ ਕੰਪਨੀਆਂ ਵੱਲੋਂ ਸਸਤੀ ਵਿਦੇਸ਼ੀ ਲੇਬਰ ਦੀ ਵਰਤੋਂ ਨੂੰ ਰੋਕਣਾ ਅਤੇ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨਾ ਹੈ।
ਐੱਚ-ਏ ਬੀ ਵੀਜ਼ਾ ਪ੍ਰੋਗਰਾਮ ‘ਤੇ ਤਿੰਨ ਸਾਲਾਂ ਲਈ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਸੁਝਾਅ ਹੈ। ਹਰ ਸਾਲ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ 65,000 ਤੋਂ ਘਟਾ ਕੇ ਸਿਰਫ਼ 25,000 ਕਰਨ ਦੀ ਗੱਲ ਕਹੀ ਗਈ ਹੈ।
ਵੀਜ਼ਾਧਾਰਕ ਦੀ ਘੱਟੋ-ਘੱਟ ਸਾਲਾਨਾ ਤਨਖਾਹ 2 ਲੱਖ ਅਮਰੀਕੀ ਡਾਲਰ ਹੋਣੀ ਚਾਹੀਦੀ ਹੈ, ਤਾਂ ਜੋ ਸਿਰਫ ਉੱਚ ਯੋਗਤਾ ਵਾਲੇ ਲੋਕ ਹੀ ਆ ਸਕਣ। ਐੱਚ-ਏ ਬੀ ਵੀਜ਼ਾ ਧਾਰਕ ਹੁਣ ਆਪਣੇ ਪਰਵਾਰਕ ਮੈਂਬਰਾਂ ਨੂੰ ਅਮਰੀਕਾ ਨਹੀਂ ਲਿਜਾ ਸਕਣਗੇ। ਪੜ੍ਹਾਈ ਤੋਂ ਬਾਅਦ ਮਿਲਣ ਵਾਲੀ ਟਰੇਨਿੰਗ ਨੂੰ ਖਤਮ ਕਰਨ ਅਤੇ ਐੱਚ-ਏ ਬੀ ਤੋਂ ਸਿੱਧਾ ਗ੍ਰੀਨ ਕਾਰਡ (ਪੱਕੀ ਰਿਹਾਇਸ਼) ਅਪਲਾਈ ਕਰਨ ‘ਤੇ ਰੋਕ ਲਗਾਉਣ ਦਾ ਪ੍ਰਸਤਾਵ ਹੈ।
ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਵੱਡੀਆਂ ਕੰਪਨੀਆਂ ਅਮਰੀਕੀ ਲੋਕਾਂ ਨੂੰ ਨੌਕਰੀ ਦੇਣ ਦੀ ਬਜਾਏ ਬਾਹਰੋਂ ਸਸਤੇ ਕਾਮੇ ਮੰਗਵਾਉਂਦੀਆਂ ਹਨ। ਦੋਸ਼ ਲਾਇਆ ਗਿਆ ਹੈ ਕਿ ਐੱਚ-ਏ ਬੀ ਸਿਸਟਮ ਨੂੰ ‘ਹਾਈਜੈਕ’ ਕਰ ਲਿਆ ਗਿਆ ਹੈ ਅਤੇ ਇਹ ਹੁਣ ਸਿਰਫ ਕਾਰਪੋਰੇਟ ਮੁਨਾਫੇ ਲਈ ਵਰਤਿਆ ਜਾ ਰਿਹਾ ਹੈ। ਜੇਕਰ ਇਹ ਬਿੱਲ ਕਾਨੂੰਨ ਬਣਦਾ ਹੈ ਤਾਂ ਭਾਰਤੀਆਂ ਲਈ ਅਮਰੀਕਾ ਜਾ ਕੇ ਕੰਮ ਕਰਨਾ ਬਹੁਤ ਔਖਾ ਹੋ ਜਾਵੇਗਾ।