ਇਸਲਾਮਾਬਾਦ : ਈਰਾਨ ਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋ ਰਹੀਆਂ ਕੋਸ਼ਿਸ਼ਾਂ ਨੂੰ ਸ਼ਨੀਵਾਰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਈਰਾਨ ਨੇ ਅਮਰੀਕੀ ਪ੍ਰਤੀਨਿਧੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਿੱਧੀ ਗੱਲਬਾਤ ਤੋਂ ਸਾਫ਼ ਇਨਕਾਰ ਕਰ ਦਿੱਤਾ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦੇ ਪਾਕਿਸਤਾਨ ਪਹੁੰਚਣ ਤੋਂ ਤੁਰੰਤ ਬਾਅਦ ਈਰਾਨੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਸ ਫੇਰੀ ਦੌਰਾਨ ਅਮਰੀਕੀ ਸਰਕਾਰ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਤੈਅ ਨਹੀਂ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕਾਈ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸਲਾਮਾਬਾਦ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ। ਉਨ੍ਹਾ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਫ਼ਦਾਂ ਦਰਮਿਆਨ ਸੁਨੇਹਿਆਂ ਦਾ ਆਦਾਨ-ਪ੍ਰਦਾਨ ਪਾਕਿਸਤਾਨੀ ਅਧਿਕਾਰੀਆਂ ਰਾਹੀਂ ਕੀਤਾ ਜਾਵੇਗਾ। ਬੁਲਾਰੇ ਨੇ ਅਮਰੀਕਾ ਵੱਲੋਂ ਥੋਪੀ ਗਈ ‘ਹਮਲਾਵਰ ਜੰਗ’ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਨਿਭਾਈ ਜਾ ਰਹੀ ਵਿਚੋਲਗੀ ਦੀ ਸ਼ਲਾਘਾ ਵੀ ਕੀਤੀ।
ਦੂਜੇ ਪਾਸੇ ਵ੍ਹਾਈਟ ਹਾਊਸ ਵੱਲੋਂ ਸ਼ੁੱਕਰਵਾਰ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਉਨ੍ਹਾ ਦੇ ਵਿਸ਼ੇਸ਼ ਦੂਤ ਈਰਾਨੀ ਵਿਦੇਸ਼ ਮੰਤਰੀ ਅਰਾਗਚੀ ਨਾਲ ਮੁਲਾਕਾਤ ਕਰਨਗੇ। ਅਮਰੀਕਾ ਵੱਲੋਂ ਜੈਰੇਡ ਕੁਸ਼ਨਰ ਅਤੇ ਸਟੀਵ ਵਿਟਕੌਫ ਵਰਗੇ ਸੀਨੀਅਰ ਆਗੂਆਂ ਦੇ ਇਸਲਾਮਾਬਾਦ ਪਹੁੰਚਣ ਦੀਆਂ ਚਰਚਾਵਾਂ ਸਨ, ਪਰ ਈਰਾਨ ਦੇ ਸਖ਼ਤ ਰੁਖ ਨੇ ਗੱਲਬਾਤ ਦੀਆਂ ਸੰਭਾਵਨਾਵਾਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਖਿੱਤੇ ਵਿੱਚ ਜਾਰੀ ਇਸ ਜੰਗੀ ਮਾਹੌਲ ਦੌਰਾਨ ਪਾਕਿਸਤਾਨ ਨੂੰ ਇੱਕ ਅਹਿਮ ਵਿਚੋਲੇ ਵਜੋਂ ਦੇਖਿਆ ਜਾ ਰਿਹਾ ਹੈ, ਜੋ ਦੋਵਾਂ ਧਿਰਾਂ ਨੂੰ ਕਿਸੇ ਸਾਂਝੇ ਨਤੀਜੇ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।



