ਮੁੰਬਈ : ਮਸ਼ਹੂਰ ਅਦਾਕਾਰ ਧਰਮਿੰਦਰ (89) ਦਾ ਲੰਬੀ ਬਿਮਾਰੀ ਮਗਰੋਂ ਸੋਮਵਾਰ ਦੁਪਹਿਰ ਦੇਹਾਂਤ ਹੋ ਗਿਆ। ਧਰਮਿੰਦਰ ਸਿੰਘ ਦਿਓਲ ਦਾ ਜਨਮ 8 ਦਸੰਬਰ 1935 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿਖੇ ਹੈੱਡ ਮਾਸਟਰ ਕੇਵਲ �ਿਸ਼ਨ ਦਿਓਲ ਦੇ ਘਰ ਹੋਇਆ ਸੀ। ਉਨ੍ਹਾ 1958 ਵਿੱਚ ‘ਫਿਲਮਫੇਅਰ’ ਮੈਗਜ਼ੀਨ ਦਾ ‘ਟੈਲੰਟ ਹੰਟ’ ਮੁਕਾਬਲਾ ਜਿੱਤਿਆ, ਜਿਸ ਨੇ ਉਨ੍ਹਾ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਨ੍ਹਾ ਫਿਲਮੀ ਕਰੀਅਰ ਦੀ ਸ਼ੁਰੂਆਤ 1960 ਵਿੱਚ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਕੀਤੀ ਸੀ। ਉਨ੍ਹਾ ਦੀ ਪਛਾਣ 1966 ਵਿੱਚ ਆਈ ‘ਫੂਲ ਔਰ ਪੱਥਰ’ ਨਾਲ ਬਣੀ। ਉਨ੍ਹਾ 1970 ਅਤੇ 1980 ਦੇ ਦਹਾਕੇ ਵਿੱਚ ਬਾਲੀਵੁੱਡ ਉੱਤੇ ਰਾਜ ਕੀਤਾ। ਉਨ੍ਹਾ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਪੰਜਾਬੀ ਫਿਲਮਾਂ ਵੀ ਸਨ। ਉਨ੍ਹਾ ਨੂੰ ਸਰਕਾਰ ਨੇ 2012 ਵਿੱਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਸੀ। ਉਹ ਭਾਜਪਾ ਦੇ ਮੈਂਬਰ ਵਜੋਂ ਰਾਜਸਥਾਨ ਦੇ ਬੀਕਾਨੇਰ ਹਲਕੇ ਤੋਂ 14ਵੀਂ ਲੋਕ ਸਭਾ (2004-2009) ਦੇ ਮੈਂਬਰ ਰਹੇ।



