ਟਰੰਪ ਖਿਲਾਫ ਵਧਦਾ ਰੋਹ

0
37

ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿੱਚ ਐਤਵਾਰ ਦਾ ਮੁਜ਼ਾਹਰਾ ਇਸ ਸਾਲ ਦਾ ਸਭ ਤੋਂ ਵੱਡਾ ਟਰੰਪ ਵਿਰੋਧੀ ਮੁਜ਼ਾਹਰਾ ਹੋ ਨਿੱਬੜਿਆ। ਰਿਮੂਵਲ ਕੁਲੀਸ਼ਨ ਵੱਲੋਂ ਜਥੇਬੰਦ ਰਿਮੂਵ ਦੀ ਰਿਜੀਮ (ਸ਼ਾਸਨ ਹਟਾਓ) ਨਾਂਅ ਦੇ ਮੁਜ਼ਾਹਰੇ ਵਿੱਚ ਹਜ਼ਾਰਾਂ ਲੋਕਾਂ ਨੇ ਟਰੰਪ ਖਿਲਾਫ ਮਹਾਦੋਸ਼ ਚਲਾਉਣ, ਉਸ ਨੂੰ ਦੋਸ਼ੀ ਠਹਿਰਾਉਣ ਤੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਰਾਸ਼ਟਰਪਤੀ ਵਜੋਂ ਟਰੰਪ ਦੀ ਦੂਜੀ ਪਾਰੀ ਦਾ ਅਜੇ ਇੱਕ ਸਾਲ ਪੂਰਾ ਨਹੀਂ ਹੋਇਆ, ਪਰ ਉਹ ਜਿਸ ਤਰ੍ਹਾਂ ਸ਼ਾਸਨ ਚਲਾ ਰਿਹਾ ਹੈ, ਲੋਕ ਉਸ ਤੋਂ ਅੱਕ ਗਏ ਹਨ। ਜਥੇਬੰਦਕਾਂ ਨੇ ਟਰੰਪ ਦੀਆਂ ਕਠੋਰ ਨੀਤੀਆਂ ਤੇ ਤਾਨਾਸ਼ਾਹ ਰੁਝਾਨ ਖਿਲਾਫ ਇਸ ਮੁਜ਼ਾਹਰੇ ਨੂੰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦਾ ਹਿੱਸਾ ਦੱਸਿਆ। ਮੁਜ਼ਾਹਰਾਕਾਰੀਆਂ ਨੇ ਝੰਡਿਆਂ ਨੂੰ ਪੁੱਠੇ ਲਟਕਾਅ ਕੇ ਦੇਸ਼ ਵਿੱਚ ਸੰਕਟ ਦੀ ਸਥਿਤੀ ਦਾ ਪ੍ਰਤੀਕਾਤਮਕ ਸੰਕੇਤ ਦਿੱਤਾ। ਡਰੰਮ ਵਜਾਉਦਿਆਂ ਨਾਅਰੇ ਲਾਏ : ਨਥਿੰਗ ਇਜ਼ ਮੋਰ ਪੈਟਿ੍ਰਆਟਿਕ ਦੈਨ ਪ੍ਰੋਟੈਸਟਿੰਗ (ਮੁਜ਼ਾਹਰਾ ਕਰਨ ਨਾਲੋਂ ਵੱਧ ਦੇਸ਼ਭਗਤੀ ਕੁਝ ਨਹੀਂ), ਰਜਿਸਟ ਫਾਸੀਜ਼ਮ (ਫਾਸ਼ੀਵਾਦ ਦੀ ਮੁਜ਼ਾਹਮਤ ਕਰੋ) ਅਤੇ ਹੇ, ਹੇ! ਹੋ, ਹੋ! ਡੋਨਾਲਡ ਟਰੰਪ ਹੈਜ਼ ਟੂ ਗੋ (ਡੋਨਾਲਡ ਟਰੰਪ ਨੂੰ ਜਾਣਾ ਹੋਵੇਗਾ!)। ਮੁਜ਼ਾਹਰਾਕਾਰੀਆਂ ਮੁਤਾਬਕ ਟਰੰਪ ਪ੍ਰਸ਼ਾਸਨ ਤੇਜ਼ੀ ਨਾਲ ਤਾਨਾਸ਼ਾਹੀ ਦੇ ਰਾਹ ’ਤੇ ਵਧ ਰਿਹਾ ਹੈ। ਟਰੰਪ ਲੋਕਤੰਤਰ ਨੂੰ ਕੁਚਲ ਰਿਹਾ ਹੈ। ਇਹ ਮੁਜ਼ਾਹਰਾ ਪਿਛਲੇ ਮਹੀਨੇ ਨੋ ਕਿੰਗਜ਼ (ਕੋਈ ਰਾਜਾ ਨਹੀਂ) ਅੰਦੋਲਨ ਦਾ ਅਗਲਾ ਪੜਾਅ ਸੀ, ਜਿਸ ਵਿੱਚ 50 ਰਾਜਾਂ ਵਿੱਚ 70 ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਜਨਵਰੀ ਵਿੱਚ ਪੀਪਲਜ਼ ਮਾਰਚ ’ਚ ਲੋਕਾਂ ਨੇ ਮਹਿਲਾਵਾਂ ਦੇ ਪ੍ਰਜਨਨ ਅਧਿਕਾਰਾਂ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ ਸਨ। ਫਰਵਰੀ ਵਿੱਚ ‘50-50-1’ ਨਾਂਅ ਹੇਠ 50 ਰਾਜਾਂ ਵਿੱਚ 50 ਪ੍ਰੋਟੈਸਟ ਹੋਏ। ਅਪ੍ਰੈਲ ਵਿੱਚ ‘ਹੈਂਡਸ ਆਫ’ ਰੈਲੀ ਕੀਤੀ ਗਈ। ਅਗਸਤ ਵਿੱਚ ‘ਰੇਜ਼ ਅਗੇਂਸਟ ਦੀ ਰਿਜੀਮ’, ਸਤੰਬਰ ਵਿੱਚ ‘ਵੀ ਆਰ ਅਮੈਰਿਕਾ ਮਾਰਚ’ ਦੇ ਆਯੋਜਨ ਤੋਂ ਇਲਾਵਾ ਲੇਬਰ ਡੇਅ ’ਤੇ ‘ਵਰਕਰਜ਼ ਓਵਰ ਬਿਲਿਅਨੇਰਜ਼’ ਮੁਜ਼ਾਹਰੇ ਅਤੇ ਨਵੰਬਰ ਵਿੱਚ ਕੈਨੇਡਾ-ਮੈਕਸੀਕੋ ਨਾਲ ਵਪਾਰ ਯੁੱਧ ਦੇ ਖਿਲਾਫ ਬਾਈਕਾਟ ਹੋਏ।
ਟਰੰਪ ਪ੍ਰਸ਼ਾਸਨ ਇਨ੍ਹਾਂ ਮੁਜ਼ਾਹਰਿਆਂ ਨੂੰ ਰੈਡੀਕਲ ਲੈੱਫਟ ਦੀ ਸਾਜ਼ਿਸ਼ ਦੱਸਦਾ ਹੈ, ਪਰ ਮੁਜ਼ਾਹਰਾਕਾਰੀ ਕਹਿ ਰਹੇ ਹਨ ਕਿ ਉਹ ਲੋਕਤੰਤਰ ਦੀ ਰਾਖੀ ਲਈ ਅੰਦੋਲਨ ਕਰ ਰਹੇ ਹਨ। ਰਿਮੂਵਲ ਕੁਲੀਸ਼ਨ ਨੇ ਐਲਾਨਿਆ ਹੈ ਕਿ ਅਮਰੀਕੀ ਕਾਂਗਰਸ ਤੋਂ ਟਰੰਪ ਖਿਲਾਫ ਕਾਰਵਾਈ ਕਰਵਾਉਣ ਲਈ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੱਡੇ ਮੁਜ਼ਾਹਰੇ ਕੀਤੇ ਜਾਣਗੇ। ਅਮਰੀਕੀਆਂ ਨੇ ਟਰੰਪ ਨੂੰ ਦੂਜੀ ਵਾਰ ਰਾਸ਼ਟਰਪਤੀ ਚੁਣ ਤਾਂ ਲਿਆ, ਪਰ ਉਸ ਨੇ ਆਉਦਿਆਂ ਹੀ ਜਿਸ ਤਰ੍ਹਾਂ ਦੀ ਗਤਕਾਬਾਜ਼ੀ ਸ਼ੁਰੂ ਕਰ ਦਿੱਤੀ, ਉਸ ਤੋਂ ਬਾਅਦ ਉਹ ਪਛਤਾ ਰਹੇ ਹਨ। ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ ਦੀ ਆਪਣੀ ਖਬਤ ਤਹਿਤ ਟਰੰਪ ਨੇ ਮਨਮਾਨੀਆਂ ਕਰਨੀਆਂ ਨਾ ਛੱਡੀਆਂ ਤਾਂ ਲੋਕਾਂ ਦਾ ਰੋਹ ਉਸ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਸਕਦਾ ਹੈ। ਟਰੰਪ ਅਮਰੀਕੀ ਸਨਅਤਾਂ ਨੂੰ ਤਕੜੀਆਂ ਕਰਕੇ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਨਾਂਅ ਹੇਠ ਦੂਜੇ ਦੇਸ਼ਾਂ ਦੇ ਮਾਲ ’ਤੇ ਭਾਰੀ ਟੈਰਿਫ ਲਾ ਕੇ ਅਮਰੀਕੀ ਖਜ਼ਾਨਾ ਭਰਨ ਦਾ ਦਾਅਵਾ ਕਰ ਰਿਹਾ ਹੈ, ਪਰ ਇਸ ਦਾ ਅਮਰੀਕੀਆਂ ਨੂੰ ਫਾਇਦਾ ਹੋਣ ਦੀ ਥਾਂ ਨੁਕਸਾਨ ਹੋ ਰਿਹਾ ਹੈ। ਵਧੇ ਟੈਰਿਫ ਕਾਰਨ ਚੀਜ਼ਾਂ ਮਹਿੰਗੀਆਂ ਹੋਣ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪੈ ਰਹੀ ਹੈ। ਗੈਰਕਾਨੂੰਨੀ ਦੱਸ ਕੇ ਪ੍ਰਵਾਸੀਆਂ ਨੂੰ ਕੱਢਣ ਦੀ ਨੀਤੀ ਦਾ ਉਥੋਂ ਦੇ ਸਨਅਤਕਾਰਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ, ਕਿਉਕਿ ਸਥਾਨਕ ਲੋਕਾਂ ਨੂੰ ਵੱਧ ਉਜਰਤ ਦੇਣੀ ਪੈ ਰਹੀ ਹੈ। ਇਹੀ ਕਾਰਨ ਹੈ ਕਿ ਲੋਕ ਹਰ ਮਹੀਨੇ ਵੱਡੇ-ਵੱਡੇ ਮੁਜ਼ਾਹਰੇ ਕਰ ਰਹੇ ਹਨ।