ਨੋਇਡਾ : ਇੱਕ 25 ਸਾਲਾ ਲੜਕੀ ਨੂੰ ਕਥਿਤ ਤੌਰ ’ਤੇ ਉਸ ਦੇ ਪ੍ਰੇਮੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰਨ ’ਤੇ ਉਸ ਨੂੰ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਫ਼ਰਾਰ ਹੈ ਅਤੇ ਉਸ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪੁਲਸ (ਸੈਂਟਰਲ ਨੋਇਡਾ) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਪੁਲਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਫੇਜ਼ 2 ਖੇਤਰ ਵਿੱਚ ਵਾਪਰੀ, ਜਦੋਂ 26 ਸਾਲਾ ਕਿ੍ਰਸ਼ਨ ਨੇ ਇੱਥੇ ਆਪਣੀ ਪ੍ਰੇਮਿਕਾ ਸੋਨੂੰ (25) ਦੇ ਪੇਇੰਗ ਗੈਸਟ ਅਕੋਮੋਡੇਸ਼ਨ ਵਿੱਚ ਉਸ ’ਤੇ ਗੋਲੀ ਚਲਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇੱਕ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ਗਿਆ। ਡੀ ਸੀ ਪੀ ਨੇ ਅੱਗੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਝਗੜੇ ਕਾਰਨ ਕਿ੍ਰਸ਼ਨ ਔਰਤ ਦੇ ਕਮਰੇ ਵਿੱਚ ਗਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ।




