ਚੰਡੀਗੜ੍ਹ : ਸੀ ਐੱਮ ਮਾਨ ਸਣੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਇਕ ਐੱਫ ਆਈ ਆਰ ਜੋ ਉਨ੍ਹਾਂ ਵਿਰੁੱਧ 2020 ਵਿਚ ਦਰਜ ਹੋਈ ਸੀ, ਨੂੰ ਰੱਦ ਕਰ ਦਿੱਤਾ ਹੈ। ਇਹ ਐੱਫ ਆਈ ਆਰ ਚੰਡੀਗੜ੍ਹ ਧਰਨੇ ਦੌਰਾਨ ਦਰਜ ਹੋਈ ਸੀ। ਇਸ ਫੈਸਲੇ ਨਾਲ ਸੀ ਐੱਮ ਮਾਨ, ਵਿੱਤ ਮੰਤਰੀ ਹਰਪਾਲ ਚੀਮਾ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਜੈਕਿਸ਼ਨ ਸਿੰਘ ਰੋੜੀ, ਮਾਸਟਰ ਬਲਦੇਵ ਸਿੰਘ, ਨਰਿੰਦਰ ਸਿੰਘ ਸ਼ੇਰਗਿੱਲ, ਸਰਬਜੀਤ ਕੌਰ ਮਾਣੂੰਕੇ ਸਣੇ ਕਈ ਆਗੂਆਂ ਨੂੰ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ 2020-21 ਵਿਚ ਪੰਜਾਬ ਵਿਚ ਬਿਜਲੀ ਦਰਾਂ ’ਚ ਵਾਧੇ ਵਿਰੁੱਧ ਤੇ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਦੌਰਾਨ ਕਿਸਾਨਾਂ ’ਤੇ ਗੱਡੀਆਂ ਚੜ੍ਹਾਉਣ ਦੇ ਵਿਰੋਧ ਵਿਚ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ ਸੀ, ਜਿਸ ਉਪਰੰਤ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਅਨਮੋਲ ਬਿਸ਼ਨੋਈ ਦੀ ਹਿਰਾਸਤ 5 ਤੱਕ ਵਧਾਈ
ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਸ਼ਨਿਵਾਰ ਨੂੰ ਡਿਪੋਰਟ ਕੀਤੇ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ ਆਈ ਏ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਐੱਨ ਆਈ ਏ ਮੁੱਖ ਦਫ਼ਤਰ ਵਿਖੇ ਕਰਵਾਈ ਗਈ ਸਖ਼ਤ ਸੁਰੱਖਿਆ ਵਾਲੀ ਸੁਣਵਾਈ ਵਿੱਚ ਹਿਰਾਸਤ 5 ਦਸੰਬਰ ਤੱਕ ਵਧਾਉਣ ਦਾ ਹੁਕਮ ਦਿੱਤਾ ਹੈ। ਐੱਨ ਸੀ ਪੀ ਆਗੂ ਸਿੱਦੀਕੀ ਦੇ ਕਤਲ, ਅਪਰੈਲ 2024 ਵਿੱਚ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ’ਤੇ ਗੋਲੀਬਾਰੀ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਸਮੇਤ ਹੋਰ ਅਪਰਾਧਾਂ ਦੇ ਸਬੰਧ ਵਿੱਚ ਲੋੜੀਂਦੇ ਅਨਮੋਲ ਨੂੰ 18 ਨਵੰਬਰ ਨੂੰ ਅਮਰੀਕਾ ਤੋਂ ਵਾਪਿਸ ਭੇਜਿਆ ਗਿਆ ਸੀ।




