ਚੋਣਾਂ ’ਚ ਹਾਰ ਤੋਂ ਪ੍ਰੇਸ਼ਾਨ ਆਪੋਜ਼ੀਸ਼ਨ ਬਹਿਸ ਕਰੇ, ਡਰਾਮੇ ਨਾ ਕਰੇ : ਮੋਦੀ ਬਹਿਸ ਦੀ ਮੰਗ ਕਰਨਾ ਡਰਾਮਾ ਨਹੀਂ : ਪਿ੍ਰਅੰਕਾ, ਡਰਾਮੇਬਾਜ਼ੀ ਮੋਦੀ ਸਰਕਾਰ ਕਰ ਰਹੀ : ਹਰਸਿਮਰਤ ਬਾਦਲ
ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਅਜਲਾਸ ਸੋਮਵਾਰ ਸ਼ੁਰੂ ਹੋਇਆ, ਪਰ ਹੰਗਾਮੇ ਕਾਰਨ ਮੰਗਲਵਾਰ ਤੱਕ ਮੁਲਤਵੀ ਹੋ ਗਿਆ। ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ 10 ਮਿੰਟ ਸੰਬੋਧਨ ਕਰਦਿਆਂ ਦਾਅਵਾ ਕੀਤਾ, ‘ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਪ੍ਰਦਰਸ਼ਨ ਕਰ ਸਕਦਾ ਹੈ। ਇਸ ਲਈ ਇਹ ਅਜਲਾਸ ਭਾਰਤ ਦੇ ਵਿਕਾਸ ਦੇ ਯਤਨਾਂ ਨੂੰ ਹੋਰ ਊਰਜਾਵਾਨ ਬਣਾਉਣ ਦਾ ਮੌਕਾ ਹੈ। ਵਿਰੋਧੀ ਧਿਰ ਨੂੰ ਹਾਰ ਦੀ ਨਿਰਾਸ਼ਾ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਮਜ਼ਬੂਤ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ। ਅਜਲਾਸ ਹਾਰ ਦੀ ਨਿਰਾਸ਼ਾ ਜਾਂ ਜਿੱਤ ਦੇ ਹੰਕਾਰ ਦਾ ਆਧਾਰ ਨਹੀਂ ਬਣਨਾ ਚਾਹੀਦਾ। ਮੈਂਬਰਾਂ ਦੀ ਨਵੀਂ ਪੀੜ੍ਹੀ ਨੂੰ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਹੈ। ਡਿਲੀਵਰੀ ਹੋਣੀ ਚਾਹੀਦੀ ਹੈ, ਡਰਾਮਾ ਨਹੀਂ। ਰਾਸ਼ਟਰੀ ਨੀਤੀ ’ਤੇ ਚਰਚਾ ਹੋਣੀ ਚਾਹੀਦੀ ਹੈ।’ ਉਨ੍ਹਾ ਕਿਹਾ, ‘ਕੁਝ ਪਾਰਟੀਆਂ ਆਪਣੀ ਚੋਣ ਹਾਰ ਨੂੰ ਹਜ਼ਮ ਕਰਨ ਵਿੱਚ ਅਸਮਰਥ ਹਨ। ਇੱਕ ਜਾਂ ਦੋ ਪਾਰਟੀਆਂ ਬਿਹਾਰ ਦੇ ਨਤੀਜਿਆਂ ਤੋਂ ਅੱਗੇ ਵਧਣ ਵਿੱਚ ਅਸਮਰਥ ਹਨ। ਸੰਸਦ ਦਾ ਇਹ ਅਜਲਾਸ ਹਾਰ ’ਤੇ ਘਬਰਾਹਟ ਦਾ ਆਧਾਰ ਨਹੀਂ ਬਣਨਾ ਚਾਹੀਦਾ। ਸਦਨ ਨੂੰ ਡਰਾਮਾ ਨਹੀਂ, ਸਗੋਂ ਪ੍ਰਦਰਸ਼ਨ ਕਰਨਾ ਚਾਹੀਦਾ ਹੈ।’
ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਲੰਮੇ ਸਮੇਂ ਤੋਂ ਚਿੰਤਤ ਹਾਂ ਕਿ ਪਹਿਲੀ ਵਾਰ ਸੰਸਦ ਮੈਂਬਰ ਅਤੇ ਸਾਰੀਆਂ ਪਾਰਟੀਆਂ ਦੇ ਨੌਜਵਾਨ ਸੰਸਦ ਮੈਂਬਰ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੂੰ ਆਪਣੀ ਤਾਕਤ ਦਿਖਾਉਣ ਜਾਂ ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਪਾਰਟੀ ਦੀ ਪਰਵਾਹ ਕੀਤੇ ਬਿਨਾਂ ਸਾਨੂੰ ਆਪਣੀ ਨਵੀਂ ਪੀੜ੍ਹੀ ਦੇ ਨੌਜਵਾਨ ਸੰਸਦ ਮੈਂਬਰਾਂ ਨੂੰ ਮੌਕੇ ਦੇਣੇ ਚਾਹੀਦੇ ਹਨ। ਇਸ ਲਈ ਮੈਂ ਤਾਕੀਦ ਕਰਦਾ ਹਾਂ ਕਿ ਅਸੀਂ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਈਏ।’
ਰਾਜ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਕਾਰ ਪਿਛਲੇ 11 ਸਾਲਾਂ ਤੋਂ ਲਗਾਤਾਰ ਸੰਸਦੀ ਮਰਿਆਦਾ ਅਤੇ ਸੰਸਦੀ ਪ੍ਰਣਾਲੀ ਨੂੰ ਲਤਾੜਦੀ ਆ ਰਹੀ ਹੈ ਅਤੇ ਅਜਿਹੀਆਂ ਉਲੰਘਣਾਵਾਂ ਦੀ ਇੱਕ ਲੰਮੀ ਸੂਚੀ ਹੈ। ਸੱਚਾਈ ਇਹ ਹੈ ਕਿ ਆਮ ਆਦਮੀ ਬੇਰੁਜ਼ਗਾਰੀ, ਮਹਿੰਗਾਈ, ਆਰਥਕ ਅਸਮਾਨਤਾ ਅਤੇ ਦੇਸ਼ ਦੇ ਕੀਮਤੀ ਸਰੋਤਾਂ ਦੀ ਲੁੱਟ ਨਾਲ ਜੂਝ ਰਿਹਾ ਹੈ, ਜਦੋਂ ਕਿ ਸੱਤਾ ਦੇ ਹੰਕਾਰ ਤੋਂ ਪ੍ਰੇਰਤ ਸੱਤਾਧਾਰੀ ਡਰਾਮੇ ਦੀ ਖੇਡ ਖੇਡ ਰਹੇ ਹਨ। ਮੋਦੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਕਿਹਾ,‘ਜਨਾਬ, ਐੱਸ ਆਈ ਆਰ ਅਤੇ ਪ੍ਰਦੂਸ਼ਣ ਦੇ ਮੁੱਦੇ ਬਹੁਤ ਮਹੱਤਵਪੂਰਨ ਹਨ। ਆਓ, ਉਨ੍ਹਾਂ ’ਤੇ ਚਰਚਾ ਕਰੀਏ। ਸੰਸਦ ਕਿਸ ਲਈ ਹੈ? ਇਹ ਕੋਈ ਤਮਾਸ਼ਾ ਨਹੀਂ। ਮੁੱਦਿਆਂ ’ਤੇ ਚਰਚਾ ਕਰਨਾ ਕੋਈ ਤਮਾਸ਼ਾ ਨਹੀਂ। ਅਸਲ ਤਮਾਸ਼ਾ ਜਨਤਕ ਚਿੰਤਾ ਦੇ ਮਹੱਤਵਪੂਰਨ ਮੁੱਦਿਆਂ ’ਤੇ ਲੋਕਤੰਤਰੀ ਚਰਚਾ ਦੀ ਆਗਿਆ ਨਾ ਦੇਣਾ ਹੈ।’
ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਕਿ ਸਦਨ ’ਚ ਡਰਾਮੇਬਾਜ਼ੀ ਲਈ ਮੋਦੀ ਸਰਕਾਰ ਖੁਦ ਹੀ ਜ਼ਿੰਮੇਵਾਰ ਹੈ। ਵਿਰੋਧੀਆਂ ਨੂੰ ਬੋਲਣ ਦਾ ਮੌਕੇ ਨਹੀਂ ਦੇਵੋਗੇ ਤਾਂ ਹੰਗਾਮਾ ਹੀ ਹੋਵੇਗਾ। ਵਿਰੋਧੀ ਧਿਰਾਂ ਦਾ ਕੰਮ ਹੈ ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ, ਪਰ ਸਰਕਾਰ ਬਹਿਸ ਤੋਂ ਭੱਜ ਜਾਂਦੀ ਹੈ। ਹਰ ਵਾਰ ਲੋਕਾਂ ਦੇ ਕਰੋੜਾਂ ਰੁਪਏ ਹੰਗਾਮੇ ਦੀ ਭੇਟ ਚੜ੍ਹ ਜਾਂਦੇ ਹਨ। ਏਨਾ ਹੀ ਨਹੀਂ ਆਖਰੀ ਦਿਨ ਸਰਕਾਰ ਆਪਣੇ ਬਿੱਲ ਪਾਸ ਕਰਕੇ ਸੈਸ਼ਨ ਖਤਮ ਕਰ ਦਿੰਦੀ ਹੈ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰ ਵੈੱਲ ਵਿੱਚ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗ ਪਏ। ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਦਨ ਚਰਚਾ ਅਤੇ ਗੱਲਬਾਤ ਲਈ ਹੈ, ਸਦਨ ਨੂੰ ਚੱਲਣ ਦਿਓ। ਹਾਲਾਂਕਿ, ਸਪੀਕਰ ਦੀ ਅਪੀਲ ਦਾ ਵਿਰੋਧੀ ਧਿਰ ਦੇ ਮੈਂਬਰਾਂ ’ਤੇ ਕੋਈ ਅਸਰ ਨਹੀਂ ਪਿਆ ਅਤੇ ਹੰਗਾਮੇ ਦੇ ਵਿਚਕਾਰ ਕਾਰਵਾਈ ਜਾਰੀ ਰਹੀ। ਇਸ ਤੋਂ ਪਹਿਲਾਂ ਲੋਕ ਸਭਾ ਨੇ ਭਾਰਤੀ ਮਹਿਲਾ ਕਿ੍ਰਕਟ ਟੀਮ, ਨੇਤਰਹੀਣ ਕਿ੍ਰਕਟ ਟੀਮ ਅਤੇ ਕਬੱਡੀ ਟੀਮ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਪ੍ਰਭਾਵਸ਼ਾਲੀ ਸਫਲਤਾ ਲਈ ਵਧਾਈ ਦਿੱਤੀ।
ਉਧਰ, ਰਾਜ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰਾਂ ਐੱਸ ਆਈ ਆਰ ’ਤੇ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ ਤੇ ਸਰਕਾਰ ਇਸ ਨੂੰ ਵਿਚਾਰ ਰਹੀ ਹੈ ਤੇ ਉਨ੍ਹਾਂ ਦੀ ਮੰਗ ’ਤੇ ਚਰਚਾ ਕਰਨ ਲਈ ਤਿਆਰ ਹੈ, ਪਰ ਇਸ ਲਈ ਸਮਾਂ ਚਾਹੀਦਾ ਹੈ। ਉਨ੍ਹਾ ਵਿਰੋਧੀ ਧਿਰਾਂ ਨੂੰ ਕਿਹਾ ਕਿ ਉਹ ਇਸ ਮਾਮਲੇ ’ਤੇ ਸਮਾਂ-ਸੀਮਾ ਦੀਆਂ ਸ਼ਰਤਾਂ ਨਿਰਧਾਰਤ ਨਾ ਕਰਨ। ਚਰਚਾ ਕਰਨ ਲਈ ਸਰਕਾਰ ਨੂੰ ਸਮਾਂ ਦੇਣ। ਰਿਜਿਜੂ ਦੇ ਬਿਆਨ ਤੋਂ ਸੰਤੁਸ਼ਟ ਨਾ ਹੋ ਕੇ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਰਾਜ ਸਭਾ ਵਿੱਚੋਂ ਵਾਕਆਊਟ ਕੀਤਾ। ਉਨ੍ਹਾਂ ਐੱਸ ਆਈ ਆਰ ਤੇ ਚੋਣ ਸੁਧਾਰਾਂ ਦੇ ਮਾਮਲਿਆਂ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ, ਪਰ ਸਰਕਾਰ ਨੇ ਇਨ੍ਹਾਂ ਮਾਮਲਿਆਂ ’ਤੇ ਸਮਾਂ ਮੰਗਿਆ, ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ।





