ਚੰਡੀਗੜ੍ਹ : ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਮਗਰੋਂ ਕੈਨੇਡਾ ਅਧਾਰਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਘਟਨਾ ਬਾਰੇ ਇੱਕ ਆਡੀਓ ਸੁਨੇਹਾ ਜਾਰੀ ਕੀਤਾ ਹੈ। ਬਰਾੜ ਨੇ ਆਪਣੇ ਸੁਨੇਹੇ ਵਿਚ ਦੁੱਖ, ਧੋਖਾਧੜੀ ਅਤੇ ਪੈਰੀ ਦੇ ਪਰਵਾਰ ਲਈ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਪੈਰੀ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ। ਬਰਾੜ ਨੇ ਬਿਸ਼ਨੋਈ ’ਤੇ ‘ਯਾਰ ਮਾਰ’ ਦੇ ਵੀ ਦੋਸ਼ ਲਾਏ। ਆਡੀਓ ਵਿੱਚ ਬਰਾੜ ਨੇ ਕਿਹਾ: “ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ। ਮੈਂ ਗੋਲਡੀ ਬਰਾੜ ਹਾਂ। ਮੈਂ ਇਹ ਆਡੀਓ ਸੁਨੇਹਾ ਇਹ ਕਹਿਣ ਲਈ ਭੇਜ ਰਿਹਾ ਹਾਂ ਕਿ ਸਾਡੇ ਭਰਾ ਇੰਦਰਪ੍ਰੀਤ ਪੈਰੀ, ਜਿਸ ਦਾ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕਤਲ ਕੀਤਾ ਗਿਆ, ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ। ਉਹ ਹੁਣ ਭਾਵੇਂ ਦਾਅਵਾ ਕਰਨ ਕਿ ਪੈਰੀ ਪੈਸਿਆਂ ਦੀ ਵਸੂਲੀ ਕਰਦਾ ਸੀ ਜਾਂ ਕੁਝ ਹੋਰ ਕੰਮ ਕਰਦਾ ਸੀ, ਪਰ ਸੱਚਾਈ ਇਹ ਹੈ ਕਿ ਲਾਰੈਂਸ ਨੇ ਖੁਦ ਉਸ ਦੇ ਵਿਆਹ ਤੋਂ ਬਾਅਦ ਪੈਰੀ ਨੂੰ ਵਧਾਈ ਦੇਣ ਲਈ ਫ਼ੋਨ ਕੀਤਾ ਸੀ ਅਤੇ ਕਿਹਾ ਕਿ ਤੇਰੇ ਨਾਲ ਕੁਝ ਨਿੱਜੀ ਮਾਮਲਿਆਂ ’ਤੇ ਗੱਲ ਕਰਨੀ ਹੈ, ਜੋ ਕਿ ਫੋਨ ’ਤੇ ਕਰਨੀ ਸੁਰੱਖਿਅਤ ਨਹੀਂ, ਉਸ ਨੇ ਪੈਰੀ ਨੂੰ ਇੱਕ ਖਾਸ ਜਗ੍ਹਾ ’ਤੇ ਇੱਕ ਵਿਅਕਤੀ ਨੂੰ ਮਿਲਣ ਅਤੇ ਉਸ ਵਿਅਕਤੀ ਦੇ ਫ਼ੋਨ ਤੋਂ ਗੱਲ ਕਰਨ ਲਈ ਕਿਹਾ। ਲਾਰੈਂਸ ਨੇ ਆਪਣੇ ਹੀ ਦੋਸਤ ਨੂੰ ਬਾਹਰ ਬੁਲਾਇਆ ਅਤੇ ਉਸ ਦਾ ਕਤਲ ਕਰਵਾ ਦਿੱਤਾ। ਪੈਰੀ ਦੇ ਮਾਪਿਆਂ ਨੇ ਲਾਰੈਂਸ ਦਾ ਹਰ ਬੁਰੇ ਸਮੇਂ ਸਾਥ ਦਿੱਤਾ, ਉਸ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਰੱਖਿਆ, ਹਮੇਸ਼ਾ ਪੈਰੀ ਨੇ ਲਾਰੈਂਸ ਦੀ ਮਦਦ ਕੀਤੀ। ਅੱਜ ਉਸੇ ਮਾਂ ਦੇ ਪੁੱਤ ਨੂੰ ਲਾਰੈਂਸ ਨੇ ਮਾਰ ਦਿੱਤਾ। ਅੱਜ ਲਾਰੈਂਸ ਨੇ ਯਾਰੀ ਝੂਠੀ ਪਾ ਦਿੱਤੀ, ਲਾਰੈਂਸ ਯਾਰੀ ਦੇ ਨਾਂਅ ’ਤੇ ਧੋਖੇਬਾਜ਼ ਨਿਕਲਿਆ, ਪੈਰੀ ਨੇ ਕਦੇ ਵੀ ਬਿਸ਼ਨੋਈ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਿਆ। ਲਾਰੈਂਸ ਕਦੇ ਸਾਬਤ ਨਹੀਂ ਕਰ ਸਕਦਾ ਕਿ ਪੈਰੀ ਨੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਇਆ।




