ਨਵੀਂ ਦਿੱਲੀ : ਸੋਨਾਲੀ ਖਾਤੂਨ ਤੇ ਪਰਵਾਰ ਦੇ 5 ਲੋਕਾਂ ਨੂੰ ਬੰਗਲਾਦੇਸ਼ੀ ਹੋਣ ਦੇ ਸ਼ੱਕ ਵਿੱਚ 27 ਜੂਨ ਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀ, ਜਿਸ ਨੂੰ ਹੁਣ ਸੁਪਰੀਮ ਕੋਰਟ ਨੇ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨਸਾਨੀਅਤ ਦੇ ਆਧਾਰ ’ਤੇ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਨੌਂ ਮਹੀਨੇ ਦੀ ਗਰਭਵਤੀ ਸੋਨਾਲੀ ਖਾਤੂਨ ਅਤੇ ਉਸ ਦੇ 8 ਸਾਲ ਦੇ ਬੱਚੇ ਨੂੰ ਬੰਗਲਾਦੇਸ਼ ਤੋਂ ਵਾਪਸ ਲਿਆਵੇ। ਦਰਅਸਲ, ਮਾਮਲੇ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਨੇ ਕਿਹਾ, ‘ਕਾਨੂੰਨ ਨੂੰ ਕਦੇ-ਕਦੇ ਇਨਸਾਨੀਅਤ ਦੇ ਅੱਗੇ ਝੁਕਣਾ ਪੈਂਦਾ ਹੈ।’ ਇਨਸਾਨੀਅਤ ਦੇ ਆਧਾਰ ’ਤੇ ਸੋਨਾਲੀ ਖਾਤੂਨ ਅਤੇ ਉਸ ਦੇ ਬੱਚੇ ਨੂੰ ਭਾਰਤ ਲਿਆਂਦਾ ਜਾਵੇਗਾ।
ਕੇਂਦਰ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਸ ਨਾਲ ਹੋਰ ਮਾਮਲੇ ਪ੍ਰਭਾਵਤ ਨਹੀਂ ਹੋਣਗੇ, ਇਹ ਸਿਰਫ ਮਾਨਵੀ ਆਧਾਰ ’ਤੇ ਚੁੱਕਿਆ ਗਿਆ ਕਦਮ ਹੈ। ਸੁਪਰੀਮ ਕੋਰਟ ਨੇ ਨਾਲ ਹੀ ਪੱਛਮੀ ਬੰਗਾਲ ਸਰਕਾਰ ਨੂੰ ਨਾਬਾਲਗ ਦਾ ਧਿਆਨ ਰੱਖਣ ਲਈ ਕਿਹਾ ਅਤੇ ਬੀਰਭੂਮ ਜ਼ਿਲ੍ਹੇ ਦੇ ਚੀਫ਼ ਮੈਡੀਕਲ ਅਫ਼ਸਰ ਨੂੰ ਗਰਭਵਤੀ ਸੋਨਾਲੀ ਖਾਤੂਨ ਨੂੰ ਹਰ ਸੰਭਵ ਮੈਡੀਕਲ ਮਦਦ ਦੇਣ ਦਾ ਨਿਰਦੇਸ਼ ਦਿੱਤਾ।




