ਚੰਡੀਗੜ੍ਹ : ਹਰਿਆਣਾ ਦੀ ਇੱਕ 32 ਸਾਲਾ ਔਰਤ, ਜਿਸ ਦੀ ਪਛਾਣ ਪੂਨਮ ਵਜੋਂ ਹੋਈ ਹੈ, ਨੂੰ ਪਿਛਲੇ ਦੋ ਸਾਲਾਂ ਵਿੱਚ ਕਥਿਤ ਤੌਰ ’ਤੇ ਤਿੰਨ ਲੜਕੀਆਂ ਅਤੇ ਆਪਣੇ 3 ਸਾਲ ਦੇ ਪੁੱਤਰ ਦਾ ਕਤਲ ਕਰਨ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਪਾਣੀਪਤ ਦੇ ਨੌਲਥਾ ਪਿੰਡ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ 6 ਸਾਲਾ ਬੱਚੀ ਵਿਧੀ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ। ਇੱਕ ਲੜਕੀ ਵਿਧੀ ਇੱਕ ਪਲਾਸਟਿਕ ਦੇ ਟੱਬ ਵਿੱਚ ਡੁੱਬੀ ਹੋਈ ਮਿਲੀ ਸੀ ਅਤੇ ਪੁਲਸ ਜਾਂਚ ਤੋਂ ਬਾਅਦ ਪੂਨਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਪੂਨਮ ਨੇ ਪਹਿਲਾਂ ਹੋਏ ਤਿੰਨ ਹੋਰ ਕਤਲਾਂ ਨੂੰ ਕਬੂਲ ਕੀਤਾ ਹੈ। ਜਿਨ੍ਹਾਂ ਵਿੱਚ ਭਾਵਰ (2023) ਵਿੱਚ ਆਪਣੀ ਭਰਜਾਈ ਦੀ 9 ਸਾਲਾ ਧੀ, ਸ਼ੱਕ ਤੋਂ ਬਚਣ ਲਈ ਆਪਣੇ ਹੀ 3 ਸਾਲ ਦੇ ਪੁੱਤਰ ਸ਼ੁੱਭਮ, ਚਚੇਰੀ ਭੈਣ ਦੀ ਛੇ ਸਾਲਾ ਧੀ ਸੇਵਾਹ (ਅਗਸਤ 2025) ਦਾ ਕਤਲ ਸ਼ਾਮਲ ਹੈ। ਸਾਰੇ ਮਾਮਲਿਆਂ ਵਿੱਚ ਕਤਲ ਕਰਨ ਦਾ ਤਰੀਕਾ ਇੱਕੋ ਜਿਹਾ, ਪੀੜਤਾਂ ਨੂੰ ਪਾਣੀ ਨਾਲ ਭਰੇ ਟੱਬਾਂ ਜਾਂ ਟੈਂਕੀਆਂ ਵਿੱਚ ਡੁਬੋ ਦੇਣਾ ਸੀ। ਹਾਲਾਂਕਿ ਪਹਿਲਾਂ ਹੋਈਆਂ ਸਾਰੀਆਂ ਮੌਤਾਂ ਨੂੰ ਸ਼ੁਰੂ ਵਿੱਚ ਹਾਦਸੇ ਮੰਨਿਆ ਗਿਆ ਅਤੇ ਪਰਵਾਰਾਂ ਨੇ ਅੰਤਿਮ ਸੰਸਕਾਰ ਕਰ ਦਿੱਤੇ ਸਨ। ਪੁਲਸ ਦਾ ਕਹਿਣਾ ਹੈ ਕਿ ਔਰਤ ’ਚ ਮਨੋਰੋਗੀ ਹੋਣ ਦੇ ਲੱਛਣ ਨਜ਼ਰ ਆਉਂਦੇ ਹਨ। ਔਰਤ ਨੇ ਮੰਨਿਆ ਕਿ ਉਸ ਨੂੰ ਸੋਹਣੀਆਂ ਕੁੜੀਆਂ ਨਾਲ ਨਫ਼ਰਤ ਜਾਂ ਈਰਖਾ ਸੀ, ਕਿਉਂਕਿ ਉਹ ਡਰਦੀ ਸੀ ਕਿ ਉਹ ਵੱਡੀਆਂ ਹੋ ਕੇ ਉਸ ਨਾਲੋਂ ਵਧੇਰੇ ਆਕਰਸ਼ਕ ਹੋ ਜਾਣਗੀਆਂ।




